ਬਰਨਾਲਾ, 03 ਸਤੰਬਰ (ਨਿਰਮਲ ਸਿੰਘ ਪੰਡੋਰੀ) : ਸਮੇਂ ਦੀ ਹਕੂਮਤ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ. ਸੇਵਾ ਸਿੰਘ ਦੇ ਪਿੰਡ ਠੀਕਰੀਵਾਲਾ ਦੇ ਵਾਸੀਆਂ ਨੇ ਵੀ ਸਿਆਸੀ ਲੀਡਰਾਂ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਗਿਣਤੀ ’ਚ ਇਕੱਤਰ ਹੋਏ ਲੋਕਾਂ ਨੇ ਫ਼ੈਸਲਾ ਕੀਤਾ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸੇ ਵੀ ਪਾਰਟੀ ਦੇ ਆਗੂ ਨੂੰ ਪਿੰਡ ਨਹੀਂ ਵੜਨ ਦਿੱਤਾ ਜਾਵੇਗਾ। ਇਕੱਠ ’ਚ ਸ਼ਾਮਲ ਬੂਟਾ ਸਿੰਘ ਮਾਨ, ਸਰਬਜੀਤ ਸਿੰਘ ਔਲਖ , ਮਲਕੀਤ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ ਔਲਖ, ਗੁਰਚਰਨ ਸਿੰਘ ਫੌਜੀ, ਰਾਜਾ ਸਿੰਘ ਧਾਲੀਵਾਲ, ਸੁਖਦੇਵ ਸਿੰਘ ਨੰਬਰਦਾਰ ਤੇ ਨਿਰਪਾਲ ਸਿੰਘ ਸਾਬਕਾ ਪੰਚ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਦਾ ਮਸਲਾ ਕਿਸਾਨਾਂ ਦੀ ਮੰਗ ਅਨੁਸਾਰ ਹੱਲ ਨਹੀ ਹੁੰਦਾ ਉਦੋਂ ਤੱਕ ਪਿੰਡ ’ਚ ਕਿਸੇ ਵੀ ਸਿਆਸੀ ਪਾਰਟੀ ਦਾ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਵੀ ਪਾਰਟੀ ਦੇ ਸਿਆਸੀ ਆਗੂ ਨੂੰ ਪਿੰਡ ’ਚ ਆਉਣ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਸਿਆਸੀ ਆਗੂਆਂ ਨੂੰ ਆਪਣੇ ਘਰ ਬਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਕਤ ਆਗੂਆਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਸ਼ਾਂਤਮਈ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲੇ ਦੇ ਪਿੰਡਾਂ ‘ਚ ਸਿਆਸੀ ਆਗੂਆਂ ਦਾ ਦਾਖ਼ਲਾਂ ਬੰਦ ਹੋਣ ਸੰਬੰਧੀ ਪੋਸਟਰ ਲੱਗ ਰਹੇ ਹਨ, ਮਤੇ ਪਾਏ ਜਾ ਰਹੇ ਹਨ ਅਤੇ ਲੋਕਾਂ ’ਚ ਸਾਰੀਆਂ ਸਿਆਸੀ ਪਾਰਟੀਆਂ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ।