ਚੰਡੀਗੜ,06 ਸਤੰਬਰ (ਜੀ98 ਨਿਊਜ਼) : ‘ਕਿਸੇ ਵੀ ਗਲਤੀ ਲਈ ਮੈਂ ਆਪਣੇ ਪਿਤਾ ਨੂੰ ਵੀ ਮੁਆਫ਼ ਨਹੀਂ ਕਰ ਸਕਦਾ, ਜੇਕਰ ਮੇਰੇ ਪਿਤਾ ਨੇ ਕੋਈ ਗਲਤੀ ਕੀਤੀ ਹੈ ਤਾਂ ਉਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਭੁਗਤਣੀ ਪਵੇਗੀ’। ਇਹ ਵਿਚਾਰ ਛੱਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਹਨ। ਜਿਨਾਂ ਨੇ ਆਪਣੇ ਪਿਤਾ ਨੰਦ ਕੁਮਾਰ ਬਘੇਲ (86) ਖ਼ਿਲਾਫ਼ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਮੁੱਖ ਮੰਤਰੀ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਪਿਤਾ ਨੰਦ ਕੁਮਾਰ ਬਘੇਲ ਨੇ ਪਿਛਲੇ ਦਿਨੀ ਬ੍ਰਾਹਮਣਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਦੇ ਹੋਏ ਕਿਹਾ ਸੀ ਕਿ ਬ੍ਰਾਹਮਣ ਵਿਦੇਸ਼ੀ ਹਨ, ਇਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਅਤੇ ਬ੍ਰਾਹਮਣਾਂ ਨੂੰ ਦੇਸ਼ ’ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਨਾਂ ਟਿੱਪਣੀਆਂ ਤੋਂ ਬਾਅਦ ਬ੍ਰਾਹਮਣ ਸਮਾਜ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਲੋਕ ਚਰਚਾ ਸੀ ਕਿ ਮੁੱਖ ਮੰਤਰੀ ਆਪਣੇ ਪਿਤਾ ਖ਼ਿਲਾਫ਼ ਐਕਸ਼ਨ ਨਹੀਂ ਲੈਣਗੇ ਪ੍ਰੰਤੂ ਮੁੱਖ ਮੰਤਰੀ ਭੁਪੇੇਸ਼ ਬਘੇਲ ਨੇ ਕਿਹਾ ਕਿ ਮੈਂ ਉਨਾਂ ਦਾ ਪੁੱਤਰ ਜ਼ਰੂਰ ਹਾਂ ਪਰ ਮੈਂ ਮੁੱਖ ਮੰਤਰੀ ਵੀ ਹਾਂ ਇਸ ਲਈ ਮੈਂ ਆਪਣੇ ਪਿਤਾ ਦਾ ਬਚਾਅ ਨਹੀਂ ਕਰਾਂਗਾ। ਇਹ ਵੀ ਜ਼ਿਕਰਯੋਗ ਹੈ ਕਿ ਨੰਦ ਕੁਮਾਰ ਬਘੇਲ ਅਕਸਰ ਵਿਵਾਦਾਂ ’ਚ ਰਹਿੰਦੇ ਹਨ, ਕੁਝ ਸਮਾਂ ਪਹਿਲਾਂ ਉਨਾਂ ਨੇ ਭਗਵਾਨ ਸ੍ਰੀ ਰਾਮ ਪ੍ਰਤੀ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।