ਬਰਨਾਲਾ, 06 ਸਤੰਬਰ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਸੇਵਾ-ਮੁਕਤ ਪਟਵਾਰੀਆਂ ਦੀ ਭਰਤੀ ਦਾ ਵਿਰੋਧ ਕਰਦੇ ਹੋਏ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸੂਬੇ ’ਚ ਪੱਕੇ ਤੌਰ ’ਤੇ ਪਟਵਾਰੀਆਂ ਦੀ ਭਰਤੀ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ ’ਚ ਬਰਨਾਲਾ ਦੇ ਵਿਧਾਇਕ ਅਤੇ ਆਪ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਕਰੀਬ 8 ਹਜ਼ਾਰ ਪਿੰਡਾਂ ’ਚ ਪਟਵਾਰੀ ਦੀਆਂ ਪੋਸਟਾਂ ਖਾਲੀ ਹਨ। ਇਨਾਂ ਪੋਸਟਾਂ ਨੂੰ ਭਰ ਕੇ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਕਦੀ ਹੈ। ਉਨਾਂ ਕਿਹਾ ਕਿ ਪਟਵਾਰੀਆਂ ਦੀ ਭਰਤੀ ਦੇ ਮਾਮਲੇ ’ਚ ਸਰਕਾਰ ਵੱਲੋਂ ਲਏ ਬੇਤੁਕੇ ਫ਼ੈਸਲੇ ਅਨੁਸਾਰ 1766 ਸੇਵਾ-ਮੁਕਤ ਪਟਵਾਰੀਆਂ ਨੂੰ ਦੁਬਾਰਾ ਨੌਕਰੀ ’ਤੇ ਰੱਖਿਆ ਜਾ ਰਿਹਾ ਹੈ। ਸਰਕਾਰ ਦਾ ਇਹ ਫ਼ੈਸਲਾ ਉੱਚ ਡਿਗਰੀਆਂ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਨਾਲ ਸਰਾਸਰ ਧੱਕਾ ਅਤੇ ਕੋਝਾ ਮਜਾਕ ਹੈ। ਇਸ ਮੌਕੇ ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉੱਗੋਕੇ , ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ,ਐਡਵੋਕੇਟ ਜਤਿੰਦਰਪਾਲ ਸਿੰਘ ਪ੍ਰਧਾਨ ਲੀਗਲ ਸੈੱਲ, ਮਲਕੀਤ ਸਿੰਘ ਐਮਸੀ, ਬੰਟੀ ਸ਼ੀਤਲ ਐਮਸੀ ਆਦਿ ਵੀ ਹਾਜ਼ਰ ਸਨ।