ਚੰਡੀਗੜ,07 ਸਤੰਬਰ (ਜੀ98 ਨਿਊਜ਼) : ਕੇਂਦਰ ਸਰਕਾਰ ਵੱਲੋਂ ਕੁਝ ਅਹਿਮ ਫ਼ੈਸਲਿਆਂ ’ਚ ਬੇਲੋੜੀ ਦੇਰੀ ਤੋਂ ਨਾਰਾਜ਼ ਸੁਪਰੀਮ ਕੋਰਟ ਨੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਦੋ-ਟੁੱਕ ਸੁਣਾ ਦਿੱਤੀ ਕਿ ਸਾਡੇ ‘ਸਬਰ ਦਾ ਪਿਆਲਾ ਭਰਦਾ ਜਾ ਰਿਹਾ ਹੈ’। ਚੀਫ ਜਸਟਿਸ ਐਨ ਵੀ ਰਾਮੰਨਾ ਨੇ ਕਿਹਾ ਕਿ ਅਦਾਲਤ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੀ ਪੰ੍ਰਤੂ ਸਰਕਾਰ ਨੂੰ ਅਦਾਲਤ ਦੇ ਫ਼ੈਸਲਿਆਂ ਦਾ ਕੋਈ ਸਤਿਕਾਰ ਨਹੀਂ ਹੈ। ਸੁਣਵਾਈ ਨਾਲ ਸੰਬੰਧਿਤ ਮਾਮਲਾ ਕੁਝ ਅਹਿਮ ਟਿ੍ਬਿਊਨਲਾਂ ਵਿੱਚ ਖਾਲੀ ਅਸਾਮੀਆਂ ਭਰਨ ’ਚ ਹੋ ਰਹੀ ਦੇਰੀ ਦਾ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕੁਝ ਟਿ੍ਬਿਊਨਲ ਇੱਕ ਮੈਂਬਰ ਨਾਲ ਹੀ ਕੰਮ ਚਲਾ ਰਹੇ ਹਨ। ਜਿਸ ਕਾਰਨ ਸੁਣਵਾਈ ਦਾ ਅਮਲ ਪ੍ਰਭਾਵਿਤ ਹੋ ਰਿਹਾ ਹੈ। ਸੁਪਰੀਮ ਕੋਰਟ ਦੀ ਇਹ ਟਿੱਪਣੀ ਸਰਕਾਰ ਦੇ ਮੂੰਹ ’ਤੇ ਚਪੇੜ ਵਾਂਗ ਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੁਪਰੀਮ ਕੋਰਟ ਨੇ ਸਰਕਾਰ ਦੇ ਮੂੰਹ ਉੱਪਰ ਅਜਿਹੀਆਂ ਕਈ ਚਪੇੜਾਂ ਮਾਰੀਆਂ ਹਨ, ਜਿਸ ਤੋਂ ਬਾਅਦ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।