ਚੰਡੀਗੜ, 07 ਸਤੰਬਰ (ਜੀ98 ਨਿਊਜ਼) : ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਸੰਬੰਧੀ ਲਿਖੀ ਚਿੱਠੀ ਦਾ ਜੁਬਾਨੀ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਇੱਕੀ ਦੀ ਇਕਤਾਲੀ’ ਮੋੜਨ ਵਾਲੀ ਗੱਲ ਕੀਤੀ ਹੈ। ਬੀਤੇ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੌਧਰ ਦੇ ਰੇੜਕੇ ’ਚ ਉਕਤ ਦੋਵੇਂ ਮੰਤਰੀਆਂ ਵੱਲੋਂ ਨਿਭਾਈ ਭੂਮਿਕਾ ਤੋਂ ਕੈਪਟਨ ਸਖ਼ਤ ਨਾਰਾਜ਼ ਸਨ ਅਤੇ ਉਹ ਅਜਿਹੇ ਉੱਚਿਤ ਸਮੇਂ ਦੀ ਭਾਲ ’ਚ ਸਨ ਜਦੋਂ ਬਾਜਵਾ ਤੇ ਰੰਧਾਵਾ ਨੂੰ ਢੁੱਕਵਾਂ ਜਵਾਬ ਦਿੱਤਾ ਜਾ ਸਕੇ। ਮੰਤਰੀ ਬਾਜਵਾ ਤੇ ਰੰਧਾਵਾ ਵੱਲੋਂ ਲਿਖੀ ਚਿੱਠੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਹੀ ਸਮਾਂ ਦੇ ਦਿੱਤਾ। ਮੰਤਰੀਆਂ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਸੰਬੰਧੀ ਪ੍ਰਤਾਪ ਸਿੰਘ ਬਾਜਵਾ ਨਾਲ ਪਹਿਲਾਂ ਤੋਂ ਹੀ ਵਿਚਾਰ ਚਰਚਾ ਚੱਲ ਰਹੀ ਹੈ। ਬਟਾਲੇ ਨੂੰ ਜ਼ਿਲਾ ਬਣਾਉਣ ਦੀ ਕਵਾਇਦ ਪ੍ਰਤਾਪ ਸਿੰਘ ਬਾਜਵਾ ਨਾਲ ਜੋੜ ਕੇ ਕੈਪਟਨ ਨੇ ਇੱਕੋ ਤੀਰ ਨਾਲ ਨਵਜੋਤ ਸਿੰਘ ਸਿੱਧੂ ਦੇ ਸਿਰ ਉੱਪਰ ਰੱਖੇ ਦੋ ਸੇਬ (ਰੰਧਾਵਾ ਤੇ ਬਾਜਵਾ) ਫੁੰਡ ਦਿੱਤੇ। ਉਕਤ ਦੋਵੇ ਮੰਤਰੀ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦੇ ਸਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਜ਼ਰਬੇਕਾਰ ਸਿਆਸਤਦਾਨ ਵਾਂਗ ਬਾਜਵਾ ਤੇ ਰੰਧਾਵਾ ਦੀ ਚਾਲ ਠੁੱਸ ਕਰ ਦਿੱਤੀ।