ਚੰਡੀਗੜ, 08 ਸਤੰਬਰ (ਜੀ98 ਨਿਊਜ਼) : ਪੰਜਾਬ ਕਾਂਗਰਸ ਵਿੱਚ ਅੱਜਕੱਲ ਚਿੱਠੀ ਕਲਚਰ ਬੜਾ ਮਸ਼ਹੂਰ ਹੋਇਆ ਹੈ। ਕਦੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਾਈਕਮਾਂਡ ਨੂੰ ਚਿੱਠੀ, ਨਵਜੋਤ ਸਿੰਘ ਸਿੱਧੂ ਦੀ ਹਾਈਕਮਾਂਡ ਨੂੰ ਚਿੱਠੀ, ਸੁਨੀਲ ਜਾਖੜ ਦੀ ਹਾਈਕਮਾਂਡ ਨੂੰ ਚਿੱਠੀ, ਪ੍ਰਤਾਪ ਸਿੰਘ ਬਾਜਵਾ ਦੀ ਹਾਈਕਮਾਂਡ ਨੂੰ ਚਿੱਠੀ ਅਤੇ ਹੁਣ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ, ਫਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਜਵਾ ਤੇ ਰੰਧਾਵਾ ਨੂੰ ਜ਼ੁਬਾਨੀ ਚਿੱਠੀ ਸੂਬੇ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੈਪਟਨ ਦੇ ਜਵਾਬ ਤੋਂ ਬਾਅਦ ਬਾਜਵਾ ਤੇ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਤਾਜ਼ੀ ਚਿੱਠੀ ਦੀ ਇਬਾਰਤ ਨੇ ਸਿਆਸੀ ਤਾਹਨਿਆਂ ਦੀ ਭਾਸ਼ਾ ਦੇ ਖ਼ੂਬ ਦਰਸ਼ਨ ਕਰਵਾਏ ਹਨ। ਚਿੱਠੀ ਲਿਖਣ ਦੀ ਮੁਹਾਰਤ ਹਰ ਕਿਸੇ ਕੋਲ ਨਹੀਂ ਹੁੰਦੀ। ਉਂਝ ਭਾਵੇਂ ਅਜੋਕੇ ਦੌਰ ’ਚ ਮੋਬਾਇਲ ਫੋਨ ਨੇ ਚਿੱਠੀਆਂ ਲਿਖਣ ਦਾ ਰਿਵਾਜ ਲੱਗਭੱਗ ਖ਼ਤਮ ਕਰ ਦਿੱਤਾ ਹੈ ਪ੍ਰੰਤੂ ਮੰਤਰੀ ਬਾਜਵਾ ਤੇ ਰੰਧਾਵਾ ਦੀ ਚਿੱਠੀ ਨੇ ਚਿੱਠੀਆਂ ਲਿਖਣ ਦੇ ਪੁਰਾਣੇ ਦੌਰ ਦੀ ਜਿੱਥੇ ਯਾਦ ਤਾਜ਼ਾ ਕਰਵਾਈ ਹੈ ਉੱਥੇ ਇਸ ਤਰਕ ਉੱਪਰ ਵੀ ਮੁਹਰ ਲਗਾਈ ਹੈ ਕਿ ਜਿਹੜਾ ਵਜ਼ਨ ਚਿੱਠੀ ਦੀ ਇਬਾਰਤ ਵਿੱਚ ਹੁੰਦਾ ਹੈ ਉਹ ਫੋਨ ਦੀ ਜ਼ੁਬਾਨ ਵਿੱਚ ਨਹੀਂ ਹੁੰਦਾ। ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਤੇ ਰੰਧਾਵਾ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ‘ਨਹਿਲੇ ’ਤੇ ਦਹਿਲਾ’ ਮਾਰਿਆ ਸੀ ਪਰ ਬਾਜਵਾ ਤੇ ਰੰਧਾਵਾ ਦੀ ਤਾਜ਼ਾ ਚਿੱਠੀ ਵਿੱਚ ਮਾਰੇ ‘ਸਿਆਸੀ ਨਿਹੋਰਿਆਂ’ ਨੇ ਕੈਪਟਨ ਖੇਮੇ ਨੂੰ ਲਾਜਾਵਾਬ ਜ਼ਰੂਰ ਕੀਤਾ ਹੈ। ਜ਼ਿਕਰਯੋਗ ਹੈ ਕਿ ਮੰਤਰੀ ਬਾਜਵਾ ਤੇ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਸੰਬੰਧੀ ਲਿਖੀ ਚਿੱਠੀ ਦੇ ਜਵਾਬ ਵਿੱਚ ਤੋੜਵਾਂ ਜਵਾਬ ਦਿੰਦੇ ਹੋਏ ਕਿਹਾ ਸੀ ਕਿ ‘‘ਬਟਾਲੇ ਨੂੰ ਜ਼ਿਲਾ ਬਣਾਉਣ ਬਾਰੇ ਪ੍ਰਤਾਪ ਸਿੰਘ ਬਾਜਵਾ ਦੀ ਚਿੱਠੀ ਮਿਲੀ ਹੈ,ਜਿਸ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਤੁਸੀ ਮੈਨੂੰ ਮਿਲਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਚਿੱਠੀ ਲਿਖਣ ਦੀ ਲੋੜ ਨਾ ਪੈਂਦੀ’’। ਕੈਪਟਨ ਅਮਰਿੰਦਰ ਸਿੰਘ ਦੀਆਂ ਇਨਾਂ ਗੱਲਾਂ ਦਾ ਬਾਜਵਾ ਤੇ ਰੰਧਾਵਾ ਨੇ ਦੂਜੀ ਚਿੱਠੀ ’ਚ ਜਵਾਬ ਦਿੰਦੇ ਹੋਏ ਲਿਖਿਆ ਕਿ ‘‘ਤੁਸੀਂ ਅੱਜਕੱਲ ਮੇਲ-ਮਿਲਾਪ ਬੰਦ ਕੀਤਾ ਹੋਇਆ ਹੈ, ਇਸ ਲਈ ਤੁਹਾਡੇ ਤੱਕ ਗੱਲ ਪਹੰੁਚਾਉਣ ਦਾ ਚਿੱਠੀ ਹੀ ਇੱਕ ਜ਼ਰੀਆ ਹੈ’’। ਬਹਰਹਾਲ ! ਮੰਤਰੀ ਬਾਜਵਾ ਤੇ ਰੰਧਾਵਾ ਦੀਆਂ ਮੁੱਖ ਮੰਤਰੀ ਨੂੰ ਲਿਖੀਆਂ ਚਿੱਠੀਆਂ ਦੀ ਭਾਸ਼ਾ ਤੇ ਮੁੱਖ ਮੰਤਰੀ ਦਾ ਜਵਾਬੀ ਢੰਗ ਤੋਂ ਮੇਹਣੋ-ਮੇਹਣੀ ਹੋ ਕੇ ਟੁੱਟਣ ਵਾਲੀ ਝਲਕ ਪੈਂਦੀ ਹੈ।