ਬਰਨਾਲਾ, 8 ਸਤੰਬਰ (ਨਿਰਮਲ ਸਿੰਘ ਪੰਡੋਰੀ) : ਐਸ ਡੀ ਕਾਲਜ ਵਿਖੇ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਫ਼ਰੀ ਪੁਲਿਸ ਭਰਤੀ ਸਿਖਲਾਈ ਕੈਂਪ ਵਿਚ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵਿਸ਼ੇਸ਼ ਤੌਰ ’ਤੇ ਪਧਾਰੇ। ਉਹਨਾਂ ਟਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਖ਼ੁਸ਼ਕਿਸਮਤ ਹੋ ਜਿਹਨਾਂ ਨੂੰ ਇਸ ਤਰਾਂ ਦੀ ਮਿਆਰੀ ਟਰੇਨਿੰਗ ਪੂਰੀ ਤਰਾਂ ਫ਼ਰੀ ਦਿੱਤੀ ਜਾ ਰਹੀ ਹੈ। ਨੌਜਵਾਨਾਂ ਨੂੰ ਇਸ ਟਰੇਨਿੰਗ ਨਾਲ ਨਾ ਸਿਰਫ਼ ਪੁਲਿਸ ਭਰਤੀ ਵਿਚ ਸਹਾਇਤਾ ਮਿਲੇਗੀ ਸਗੋਂ ਇਹ ਸਿਖਲਾਈ ਉਹਨਾਂ ਦੇ ਵਿਅਕਤਿਤਵ ਦੇ ਵਿਕਾਸ ਵਿਚ ਵੀ ਬਹੁਤ ਅਹਿਮ ਭੂਮਿਕਾ ਨਿਭਾਏਗੀ। ਉਹਨਾਂ ਇਸ ਉਪਰਾਲੇ ਲਈ ਐਸ ਡੀ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਖ਼ਾਸ ਤੌਰ ’ਤੇ ਕੈਂਪ ਇੰਚਾਰਜ ਪ੍ਰੋ. ਬਲਵਿੰਦਰ ਕੁਮਾਰ ‘ਬਿੱਟੂ’ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਕਿਹਾ ਕਿ ਇਲਾਕੇ ਦੀ ਇਹ ਸਿਰਮੌਰ ਸੰਸਥਾ ਆਰੰਭ ਤੋਂ ਹੀ ਨੌਜਵਾਨਾਂ ਦੀ ਮਾਰਗਦਰਸ਼ਕ ਬਣੀ ਹੋਈ ਹੈ। ਸੰਸਥਾ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਾਉਣ ਦੀ ਹਰ ਤਰਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੈਂਪ ਇੰੰਚਾਰਜ ਪ੍ਰੋ. ਬਿੱਟੂ ਨੇ ਦੱਸਿਆ ਕਿ ਉਹਨਾਂ ਵੱਲੋਂ 2011 ਤੋਂ ਹੀ ਲਗਾਤਾਰ ਇਸ ਤਰਾਂ ਦੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਇਹਨਾਂ ਕੈਂਪਾਂ ਵਿਚ ਸਿਖਲਾਈ ਲੈ ਕੇ ਪੁਲਿਸ ਅਤੇ ਫ਼ੌਜ ਸਮੇਤ ਅਨੇਕਾਂ ਵਿਭਾਗਾਂ ਵਿਚ ਨੌਕਰੀਆਂ ਹਾਸਲ ਕਰ ਚੁੱਕੇ ਹਨ। ਇਸ ਕੈਂਪ ਵਿਚ ਲਗਭਗ 200 ਲੜਕੇ-ਲੜਕੀਆਂ ਟਰੇਨਿੰਗ ਲੈ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਬੂਟ ਅਤੇ ਕਿੱਟਾਂ ਵੀ ਵੰਡੀਆਂ। ਪ੍ਰੋ. ਸੀਮਾ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਐਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਸ੍ਰੀ ਰਾਹੁਲ ਅੱਤਰੀ, ਸਾਰੀਆਂ ਸੰਸਥਾਵਾਂ ਦੇ ਪਿ੍ਰੰਸੀਪਲ ਸਾਹਿਬਾਨ ਅਤੇ ਅਧਿਆਪਕ ਵੀ ਹਾਜ਼ਰ ਸਨ।