ਚੰਡੀਗੜ੍ਹ,7 ਜੂਨ, Gee98 news service
-ਕਾਂਗਰਸ ਨੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਕਰਾਰਾ ਝਟਕਾ ਦਿੰਦੇ ਹੋਏ ਪਾਰਟੀ ਪਲੇਟਫਾਰਮ ‘ਤੇ ਖੁੱਡੇ ਲਾਈਨ ਲਗਾ ਦਿੱਤਾ ਹੈ। ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਦੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਹਟਾ ਕੇ ਸਿੱਧੂ ਦੀ ਥਾਂ ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਗਿੱਲ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਨੇ ਪਾਰਟੀ ਦੇ ਕਿਸੇ ਵੀ ਉਮੀਦਵਾਰ ਲਈ ਪ੍ਰਚਾਰ ਨਹੀਂ ਕੀਤਾ। ਲੋਕ ਸਭਾ ਚੋਣ 2024 ਲਈ ਕਰੀਬ 83 ਦਿਨਾਂ ਤੱਕ ਚੱਲੀ ਚੋਣ ਪ੍ਰਚਾਰ ਮੁਹਿੰਮ ਵਿੱਚੋਂ ਨਵਜੋਤ ਸਿੱਧੂ ਗਾਇਬ ਰਹੇ। ਉਹ ਨਾ ਤਾਂ ਕਿਸੇ ਚੋਣ ਮੰਚ ‘ਤੇ ਨਜ਼ਰ ਆਏ ਅਤੇ ਨਾ ਹੀ ਕਿਸੇ ਉਮੀਦਵਾਰ ਲਈ ਵੋਟਾਂ ਮੰਗੀਆਂ, ਹਾਲਾਂਕਿ ਆਈਪੀਐੱਲ ਵੀ ਚੋਣ ਪ੍ਰਚਾਰ ਦੇ ਆਖ਼ਰੀ ਪੜਾਅ ‘ਤੇ ਸਮਾਪਤ ਹੋ ਗਿਆ ਸੀ। ਸਿੱਧੂ ਰਾਹੁਲ ਗਾਂਧੀ ਦੀ ਪਟਿਆਲਾ ਰੈਲੀ ਵਿੱਚ ਵੀ ਨਜ਼ਰ ਨਹੀਂ ਆਏ। ਜਸਬੀਰ ਸਿੰਘ ਡਿੰਪਾ ਗਿੱਲ ਨੇ ਹਲਕੇ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਾਂਗਰਸ ਵੱਲੋਂ ਜਸਬੀਰ ਗਿੱਲ ਹਲਕਾ ਇੰਚਾਰਜ ਲਗਾਉਣ ਸਬੰਧੀ ਜਾਰੀ ਕਰਨ ਦੀ ਮਿਤੀ 14 ਅਪ੍ਰੈਲ 2024 ਲਿਖੀ ਹੋਈ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਸਿੱਧੂ ਨੂੰ ਕਰੀਬ 2 ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹਟਾ ਦਿੱਤਾ ਗਿਆ ਸੀ ਅਤੇ ਡਿੰਪਾ ਨੂੰ ਇਹ ਜਿੰਮੇਵਾਰੀ ਦੇ ਦਿੱਤੀ ਗਈ ਸੀ। ਦੱਸ ਦੇਈਏ ਕਿ ਨਵਜੋਤ ਸਿੰਘ ਨੇ ਅੰਮ੍ਰਿਤਸਰ ਪੂਰਬੀ ਤੋਂ 2017 ਵਿੱਚ ਵਿਧਾਨ ਸਭਾ ਚੋਣ ਲੜੀ ਸੀ ਅਤੇ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਸਨ। 2022 ਵਿੱਚ ਉਨ੍ਹਾਂ ਨੇ ਮੁੜ ਤੋਂ ਇਸ ਸੀਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। 2012 ਵਿੱਚ ਨਵਜੋਤ ਸਿੱਧੂ ਦੇ ਪਤਨੀ ਨਵਜੋਤ ਕੌਰ ਨੇ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਹੁਣ ਕਾਂਗਰਸ ਪਾਰਟੀ ਨੇ ਇਸ ਸੀਟ ਦੀ ਕਮਾਂਡ ਡਿੰਪਾ ਗਿੱਲ ਨੂੰ ਦੇ ਦਿੱਤੀ ਹੈ।