ਚੰਡੀਗੜ੍ਹ, 9 ਜੂਨ, Gee98 news service
-ਕੇਂਦਰ ਵਿੱਚ ਭਾਜਪਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰੀ ਸਰਕਾਰ ਬਣਾਉਣ ਜਾ ਰਹੀ ਹੈ। ਅੱਜ ਸ਼ਾਮ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕ ਲੈਣਗੇ ।ਮੰਨਿਆ ਜਾਂਦਾ ਹੈ ਕਿ ਕੁਝ ਮੰਤਰੀ ਵੀ ਉਹਨਾਂ ਨਾਲ ਅਹੁਦੇ ਦੀ ਸਹੁੰ ਚੁੱਕਣਗੇ। ਇਨਾਂ ਮੰਤਰੀਆਂ ਵਿੱਚ ਇਸ ਵਾਰ ਪੰਜਾਬ ਤੋਂ ਕੋਈ ਮੰਤਰੀ ਕੈਬਨਿਟ ਵਿੱਚ ਸ਼ਾਮਿਲ ਨਹੀਂ ਹੋਵੇਗਾ। ਭਾਜਪਾ ਕੋਲ ਪੰਜਾਬ ਤੋਂ ਕੋਈ ਸੰਸਦ ਮੈਂਬਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਸਿਰਫ਼ ਹਰਸਿਮਰਤ ਕੌਰ ਬਾਦਲ ਨੇ ਹੀ ਆਪਣੀ ਸੀਟ ਜਿੱਤੀ ਹੈ, ਪਰ ਉਹ ਐਨਡੀਏ ਦਾ ਹਿੱਸਾ ਨਹੀਂ ਹੈ। ਭਾਜਪਾ ਦਾ ਵੀ ਰਾਜ ਸਭਾ ਵਿੱਚ ਕੋਈ ਮੈਂਬਰ ਨਹੀਂ ਹੈ। ਅਜਿਹੇ ‘ਚ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਮੋਦੀ ਮੰਤਰੀ ਮੰਡਲ ‘ਚ ਪੰਜਾਬ ਦਾ ਝੋਲੀ ਖਾਲੀ ਰਹਿ ਸਕਦੀ ਹੈ। ਆਮ ਚਰਚਾ ਹੈ ਕਿ ਕੀ ਇਸ ਵਾਰ ਕੇਂਦਰੀ ਮੰਤਰੀ ਮੰਡਲ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਨਹੀਂ ਹੋਵੇਗਾ। ਦੱਸ ਦੇਈਏ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਸਰਕਾਰ, ਪੰਜਾਬ ਨੂੰ ਹਮੇਸ਼ਾ ਕੇਂਦਰ ਸਰਕਾਰ ਵਿੱਚ ਨੁਮਾਇੰਦਗੀ ਮਿਲੀ ਹੈ। ਜੇਕਰ ਪਹਿਲਾਂ ਦੀ ਤਰਾਂ ਇਸ ਵਾਰ ਵੀ ਭਾਜਪਾ ਪੰਜਾਬ ਤੋਂ ਆਪਣੇ ਹਾਰੇ ਹੋਏ ਕਿਸੇ ਆਗੂ ਨੂੰ ਮੰਤਰੀ ਨਹੀਂ ਬਣਾਉਂਦੀ ਤਾਂ ਲੋਕ ਸਭਾ ‘ਚ ਸੱਤਾਧਿਰ ਵੱਲੋਂ ਪੰਜਾਬ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਹੋਵੇਗਾ। ਇਹ ਪਿਛਲੇ ਸਮੇਂ ਦੌਰਾਨ ਹੁੰਦਾ ਆਇਆ ਹੈ ਜਿਵੇਂ ਸ੍ਰੀ ਹਰਦੀਪ ਪੁਰੀ 2019 ਵਿੱਚ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਕੇਂਦਰ ਵਿੱਚ ਮੰਤਰੀ ਬਣਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ ਅਤੇ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਗਿਆ। 2014 ਵਿੱਚ ਅਰੁਣ ਜੇਤਲੀ ਪੰਜਾਬ ਦੇ ਅੰਮ੍ਰਿਤਸਰ ਤੋਂ ਹਾਰ ਗਏ ਸਨ, ਪਰ ਉਨ੍ਹਾਂ ਨੂੰ ਰਾਜ ਸਭਾ ਤੋਂ ਕੇਂਦਰ ਵਿੱਚ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। 2014 ਵਿੱਚ ਵਿਜੇ ਸਾਂਪਲਾ ਨੂੰ ਕੇਂਦਰੀ ਰਾਜ ਮੰਤਰੀ ਵੀ ਬਣਾਇਆ ਗਿਆ ਸੀ। 2019 ਵਿੱਚ ਹਰਦੀਪ ਪੁਰੀ ਦੇ ਨਾਲ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਗਠਜੋੜ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। 2009 ਵਿੱਚ ਪੰਜਾਬ ਤੋਂ ਅੰਬਿਕਾ ਸੋਨੀ, ਮਨੀਸ਼ ਤਿਵਾੜੀ ਅਤੇ ਅਸ਼ਵਨੀ ਕੁਮਾਰ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਸੀ। 2014 ਵਿੱਚ ਅੰਬਿਕਾ ਸੋਨੀ ਨੇ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ, ਪਰ ਉਹ ਹਾਰ ਗਈ ਸੀ, ਫਿਰ ਵੀ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਦਿੱਤੀ ਸੀ। ਪਿਛਲੇ ਸਮੇਂ ਵਿੱਚ ਪੰਜਾਬ ਦੇ ਸੁਖਦੇਵ ਢੀਂਡਸਾ 2000 ਤੋਂ 2004 ਤੱਕ ਵਾਜਪਾਈ ਮੰਤਰੀ ਮੰਡਲ ਵਿੱਚ ਖੇਡ ਅਤੇ ਰਸਾਇਣ ਅਤੇ ਖਾਦ ਮੰਤਰੀ ਰਹੇ। ਸੁਖਬੀਰ ਬਾਦਲ 1998 ਤੋਂ 1999 ਦੌਰਾਨ ਵਾਜਪਾਈ ਦੀ ਦੂਜੀ ਕੈਬਨਿਟ ਵਿੱਚ ਕੇਂਦਰੀ ਉਦਯੋਗ ਰਾਜ ਮੰਤਰੀ ਸਨ। ਅੰਮ੍ਰਿਤਸਰ ਤੋਂ ਜਿੱਤੇ ਰਘੁਨੰਦਨ ਲਾਲ ਭਾਟੀਆ ਕੇਂਦਰੀ ਵਿਦੇਸ਼ ਰਾਜ ਮੰਤਰੀ ਸਨ। ਸੁਖਬੰਸ ਕੌਰ ਭਿੰਡਰ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਸਨ। ਸ੍ਰੀ ਸਰਵਣ ਸਿੰਘ 1952 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ 23 ਸਾਲ ਭਾਰਤ ਸਰਕਾਰ ਵਿੱਚ ਇੱਕ ਉੱਚ ਦਰਜੇ ਦੇ ਕੈਬਨਿਟ ਮੰਤਰੀ ਵਜੋਂ ਬਿਤਾਏ। ਸ਼੍ਰੋਮਣੀ ਅਕਾਲੀ ਦਲ ਦੇ ਦਿੱੱਗਜ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਵੀ ਕੇਂਦਰੀ ਮੰਤਰੀ ਰਹੇ ਹਨ। ਹੁਣ ਇਹ ਸਵਾਰ ਜ਼ਿਕਰ ਭਾਜਪਾ ਆਪਣੇ ਕਿਸੇ ਹਾਰੇ ਹੋਏ ਆਗੂ ਨੂੰ ਨੁਮਾਇੰਦਗੀ ਦਿੰਦੀ ਹੈ ਤਾਂ ਪੰਜਾਬ ਦਾ ਹਿੱਸਾ ਮੰਤਰੀ ਮੰਡਲ ਵਿੱਚ ਹੋਵੇਗਾ। ਪਿਛਲੇ ਕੁਝ ਸਮੇਂ ਤੋਂ ਜੇਕਰ ਭਾਜਪਾ ਦੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖ ਕੌਮ ਪ੍ਰਤੀ ਨੀਤੀ ਨੂੰ ਵਾਚਿਆ ਜਾਵੇ ਤਾਂ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਮੰਤਰੀ ਮੰਡਲ ਵਿੱਚ ਲਿਆ ਜਾ ਰਿਹਾ ਹੈ ਪ੍ਰੰਤੂ ਭਾਜਪਾ ਲਈ ਇਹ ਸਿਰਦਰਦੀ ਹੋਵੇਗੀ ਕਿ ਉਹਨਾਂ ਨੂੰ ਕਿੱਥੋਂ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇਗਾ ਕਿਉਂਕਿ ਇਸ ਵਾਰ ਵਿਧਾਇਕਾਂ ਦੀ ਗਿਣਤੀ ਪੱਖੋਂ ਯੂਪੀ ਦੇ ਵਿੱਚ ਵੀ ਭਾਜਪਾ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ।