ਬਰਨਾਲਾ,10 ਜੂਨ, (ਨਿਰਮਲ ਸਿੰਘ ਪੰਡੋਰੀ)-
-ਸ਼ਹਿਰ ਦੇ ਇੱਕ ਇਮੀਗ੍ਰੇਸ਼ਨ ਏਜੰਟ ਕਰਕੇ ਵਪਾਰੀਆਂ ਤੇ ਕਿਸਾਨਾਂ ਵਿਚਕਾਰ ਪੈਦਾ ਹੋਏ ਤਣਾਅ ਦਾ ਨਾਟਕੀ ਤਰੀਕੇ ਨਾਲ ਖਾਤਮਾ ਹੋ ਗਿਆ। ਇਸ ਸਬੰਧੀ ਇੱਕ ਹੋਏ ਸਮਝੌਤੇ ਤਹਿਤ ਇਮੀਗਰੇਸ਼ਨ ਏਜੰਟ ਦੇ ਪਰਿਵਾਰ ਵੱਲੋਂ ਪੀੜ੍ਹਤ ਪਰਿਵਾਰ ਨੂੰ 17.50 ਲੱਖ ਰੁਪਏ ਵਾਪਸ ਕੀਤੇ ਗਏ ਹਨ। ਇਮੀਗ੍ਰੇਸ਼ਨ ਏਜੰਟ ਦੇ ਪਰਿਵਾਰ ਵੱਲੋਂ ਲਏ ਇਸ ਫੈਸਲੇ ‘ਤੇ ਸ਼ਹਿਰ ਦੇ ਵਪਾਰੀ ਵਰਗ ਵੱਲੋਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸ਼ਹਿਰ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਚਰਚਾ ਇਸ ਕਰਕੇ ਹੋ ਰਹੀ ਹੈ ਕਿ ਜੇਕਰ ਇਮੀਗਰੇਸ਼ਨ ਏਜੰਟ ਵੱਲੋਂ ਪੀੜ੍ਹਤ ਪਰਿਵਾਰ ਦੇ ਪੈਸੇ ਹੀ ਵਾਪਸ ਕਰਨੇ ਸਨ ਤਾਂ ਸਮੁੱਚੇ ਸ਼ਹਿਰ ਦੀ ਭਾਈਚਾਰਕ ਏਕਤਾ ਦਾਅ ‘ਤੇ ਲਗਾ ਕੇ ਵਪਾਰੀਆਂ ਤੇ ਕਿਸਾਨਾਂ ਦੇ ਭਾਈਚਾਰੇ ਨੂੰ ਸੂਲੀ ‘ਤੇ ਕਿਉਂ ਟੰਗਿਆ ਗਿਆ। ਇਸ ਮਾਮਲੇ ਨਾਲ ਜੁੜਿਆ ਇੱਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਬਰਨਾਲਾ ਪੁਲਿਸ ਵੱਲੋਂ ਇਮੀਗਰੇਸ਼ਨ ਏਜੰਸੀ ਨਾਲ ਸੰਬੰਧਿਤ ਦੋ ਬੰਦਿਆਂ ‘ਤੇ ਮਨੁੱਖੀ ਤਸਕਰੀ ਐਕਟ , ਧਾਰਾ 420 ਅਤੇ 120 ਬੀ ਸਮੇਤ ਹੋਰ ਵੱਖ-ਵੱਖ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ 13 ਮਈ 2024 ਨੂੰ ਦਰਜ ਕੀਤਾ ਗਿਆ ਪ੍ਰੰਤੂ ਇਸ ਮੁਕੱਦਮੇ ਦੀ ਭਿਣਕ ਪੁਲਿਸ ਨੇ ਬਾਹਰ ਨਹੀਂ ਨਿਕਲਣ ਦਿੱਤੀ। ਅਕਸਰ ਵੇਖਿਆ ਜਾਂਦਾ ਹੈ ਕਿ ਆਮ ਜਿਹੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਦੋਸ਼ੀਆਂ ਦੇ ਘਰੇ ਛਾਪਾਮਾਰੀ ਕਰਦੀ ਹੈ ਜਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਬੰਧਿਤ ਪਰਿਵਾਰਿਕ ਮੈਂਬਰਾਂ ਦੇ ਨੱਕ ‘ਚ ਦਮ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ 25 ਦਿਨ ਚੁੱਪ ਰਹੀ ਅਤੇ ਮੁਕੱਦਮੇ ਦੀ ਭਿਣਕ ਵੀ ਕਿਸੇ ਨੂੰ ਨਹੀਂ ਲੱਗਣ ਦਿੱਤੀ। ਚਰਚਾ ਇਹ ਵੀ ਹੈ ਕਿ ਇਸੇ ਮੁਕੱਦਮੇ ਦੇ ਦਬਾਅ ਹੇਠ ਹੀ ਇਮੀਗ੍ਰੇਸ਼ਨ ਏਜੰਟ ਨੇ ਪੀੜ੍ਹਤ ਪਰਿਵਾਰ ਨੂੰ ਪੈਸੇ ਵਾਪਸ ਕੀਤੇ। ਜਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਇੱਕ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਇਮੀਗਰੇਸ਼ਨ ਏਜੰਟ ਦੀ ਦੁਕਾਨ ਅੱਗੇ ਧਰਨਾ ਵੀ ਦਿੱਤਾ ਗਿਆ। ਧਰਨੇ ਦੌਰਾਨ ਇੱਕ ਪਾਸੇ ਕਿਸਾਨ ਜਥੇਬੰਦੀ ਸੀ ਅਤੇ ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਦੀ ਅਗਵਾਈ ਹੇਠ ਵਪਾਰੀ ਡਟੇ ਹੋਏ ਸਨ। ਦੋਵੇਂ ਧਿਰਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਇੱਕ ਦੂਜੇ ਦੇ ਖਿਲਾਫ਼ ਰੱਜ ਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਤਨਾਅ ਪੈਦਾ ਹੋਇਆ ਅਤੇ ਕਿਸਾਨ ਜਥੇਬੰਦੀ ਦੇ ਕੁਝ ਮੈਂਬਰਾਂ ਵੱਲੋਂ ਵਪਾਰੀਆਂ ‘ਤੇ ਡਾਂਗਾਂ ਸੋਟੀਆਂ ਵੀ ਚਲਾਈਆਂ ਗਈਆਂ ।ਇਹ ਸਾਰਾ ਕੁਝ ਪੁਲਿਸ ਦੀ ਹਾਜ਼ਰੀ ਵਿੱਚ ਵਾਪਰਿਆ ਸੀ। ਇਸ ਘਟਨਾਕ੍ਰਮ ਦੀ ਚਰਚਾ ਸਮੁੱਚੇ ਪੰਜਾਬ ਵਿੱਚ ਹੋਈ ਅਤੇ ਇਸ ਘਟਨਾ ਨੂੰ ਸਮੁੱਚੇ ਵਪਾਰ ਵਰਗ ਦੀ ਏਕਤਾ ਨਾਲ ਜੋੜਿਆ ਗਿਆ ਪ੍ਰੰਤੂ ਇਹ ਏਕਤਾ ਉਸ ਵੇਲੇ ਤਾਰ-ਤਾਰ ਹੋ ਗਈ ਜਦ ਇਮੀਗਰੇਸ਼ਨ ਏਜੰਟ ਦੇ ਪਰਿਵਾਰ ਨੇ ਅੰਦਰ ਵੜ ਕੇ ਕਿਸਾਨ ਜਥੇਬੰਦੀ ਨਾਲ ਸਮਝੌਤਾ ਕਰ ਲਿਆ। ਇਹ ਵੀ ਪਤਾ ਲੱਗਿਆ ਕਿ ਇਸ ਸਮਝੌਤੇ ਉੱਪਰ ਵਪਾਰ ਮੰਡਲ ਦੇ ਪ੍ਰਧਾਨ ਦੇ ਦਸਤਖ਼ਤ ਵੀ ਹਨ। ਕਿਸੇ ਵੀ ਮਸਲੇ ਦਾ ਰਾਜ਼ੀਨਾਮੇ ਰਾਹੀਂ ਹੱਲ ਨਿਕਲਣਾ ਕੋਈ ਮਾੜੀ ਗੱਲ ਤਾਂ ਨਹੀਂ ਹੈ ਪਰ ਲੋਕ ਇਸ ਸਮਝੌਤੇ ਉੱਪਰ ਕੁਝ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਕਿ ਜੇਕਰ ਪੈਸੇ ਹੀ ਦੇਣੇ ਸਨ ਤਾਂ ਗੰਢੇ ਅਤੇ ਡੰਡੇ ਕਿਉਂ ਖਾਧੇ ਗਏ।