ਚੰਡੀਗੜ੍ਹ 11 ਜੂਨ, Gee98 news service
-ਭਾਰਤੀ ਚੋਣ ਕਮਿਸ਼ਨ ਹਰਿਆਣਾ ਦੇ ਵੱਡੇ ਆਗੂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀਆਂ “ਐਨਕਾਂ” ਵਾਪਸ ਲੈਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਹਰਿਆਣਾ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦਾ ਪ੍ਰਦਰਸ਼ਨ ਚੰਗਾ ਨਾ ਰਿਹਾ ਤਾਂ ਪਾਰਟੀ ਦੀ ਮਾਨਤਾ ਰੱਦ ਹੋ ਜਾਵੇਗੀ ਅਤੇ ਪਾਰਟੀ ਤੋਂ ਚੋਣ ਨਿਸ਼ਾਨ “ਐਨਕਾਂ” ਵਾਪਸ ਲੈ ਲਿਆ ਜਾਵੇਗਾ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਪਾਰਟੀ ਲਗਾਤਾਰ ਦੋ ਚੋਣਾਂ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਨਿਰਧਾਰਿਤ ਵੋਟ ਫੀਸਦੀ ਪ੍ਰਾਪਤ ਨਹੀਂ ਕਰਦੀ ਤਾਂ ਉਸਦਾ ਸਟੇਟ ਪਾਰਟੀ ਦਾ ਦਰਜਾ ਖਤਮ ਹੋ ਜਾਂਦਾ ਹੈ। ਇਹਨਾਂ ਨਿਯਮਾਂ ਅਨੁਸਾਰ ਕਿਸੇ ਵੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ 6 ਫੀਸਦੀ ਵੋਟ ਅਤੇ ਇੱਕ ਸੀਟ ਜਾਂ 8 ਫੀਸਦੀ ਵੋਟ ਲੈਣ ਦੀ ਲੋੜ ਹੁੰਦੀ ਹੈ ਵਿਧਾਨ ਸਭਾ ਚੋਣਾਂ ਵਿੱਚ 6 ਫੀਸਦੀ ਵੋਟ ਅਤੇ ਦੋ ਸੀਟਾਂ ਹੋਣੀਆਂ ਚਾਹੀਦੀਆਂ ਹਨ। ਇਹਨਾਂ ਨਿਯਮਾਂ ਅਨੁਸਾਰ ਜੇਕਰ ਲਗਾਤਾਰ ਦੋ ਚੋਣਾਂ ‘ਚ ਪਾਰਟੀ ਅਜਿਹਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਉਸ ਦੀ ਸਟੇਟ ਮਾਨਤਾ ਰੱਦ ਹੋ ਜਾਂਦੀ ਹੈ ਤੇ ਉਸਦਾ ਚੋਣ ਨਿਸ਼ਾਨ ਵੀ ਚੋਣ ਕਮਿਸ਼ਨ ਵਾਪਸ ਲੈ ਲੈਂਦਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਵੀ ਅਜਿਹੀ ਸਥਿਤੀ ਵਿੱਚ ਪਹੁੰਚ ਗਿਆ ਹੈ ਕਿਉਂਕਿ ਉਹ ਲੋੜੀਂਦੀ ਵੋਟ ਫੀਸਦੀ ਪ੍ਰਾਪਤ ਨਹੀਂ ਕਰ ਸਕਿਆ। ਹੁਣ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਹਰਿਆਣਾ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੱਕ ਦਾ ਸਮਾਂ ਮਿਲਿਆ ਹੈ। ਦੱਸ ਦੇਈਏ ਕਿ 2016 ਵਿੱਚ ਚੋਣ ਚਿੰਨ੍ਹ ਸਬੰਧੀ ਹੁਕਮਾਂ ਦੇ ਮਾਮਲੇ ‘ਚ ਇਕ ਸੋਧ ਕੀਤੀ ਗਈ ਸੀ ਜਿਸ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਕੁਝ ਰਾਹਤ ਮਿਲੀ ਹੈ। ਇਸ ਸੋਧ ਦੇ ਅਨੁਸਾਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਮਾਨਤਾ ਖਤਮ ਹੋਣ ਤੋਂ ਬਾਅਦ ਵੀ ਅਗਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਤੱਕ ਸਟੇਟ ਪਾਰਟੀ ਜਾਂ ਨੈਸ਼ਨਲ ਪਾਰਟੀ ਦਾ ਟੈਗ ਲਗਾਉਣ ਦੀ ਇਜਾਜ਼ਤ ਮਿਲੀ ਰਹਿੰਦੀ ਹੈ, ਪ੍ਰੰਤੂ ਜੇਕਰ ਅਗਲੀਆਂ ਚੋਣਾਂ ਵਿੱਚ ਪਾਰਟੀ ਲੋੜੀਂਦੀ ਵੋਟ ਫੀਸਦੀ ਪ੍ਰਾਪਤ ਕਰਨ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਉਸਦਾ ਰਾਜ ਜਾਂ ਨੈਸ਼ਨਲ ਪਾਰਟੀ ਦਾ ਦਰਜਾ ਆਪਣੇ ਆਪ ਹੀ ਖਤਮ ਹੋ ਜਾਵੇਗਾ। ਪਿਛਲੀਆਂ ਦੋ ਚੋਣਾਂ ਵਿੱਚ ਮਾੜੀ ਸਥਿਤੀ ਕਾਰਨ ਵੀ ਇੰਡੀਅਨ ਨੈਸ਼ਨਲ ਲੋਕਦਲ ਨੂੰ ਇਸ ਸੋਧ ਦਾ ਹੁਣ ਫਾਇਦਾ ਮਿਲਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ ਕੋਲ ਹੁਣ ਹਰਿਆਣਾ ‘ਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਦਾ ਆਪਣੀ ਸਥਿਤੀ ਸੁਧਾਰਨ ਦਾ ਸਮਾਂ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੀ ਸਥਾਪਨਾ ਚੌਧਰੀ ਦੇਵੀ ਲਾਲ ਨੇ 1987 ਵਿੱਚ ਕੀਤੀ ਸੀ ਜੋ ਹਰਿਆਣਾ ਦਾ ਇੱਕੋ ਇੱਕ ਖੇਤਰੀ ਦਲ ਹੈ ਅਤੇ ਹੁਣ ਉਹਨਾਂ ਦੇ ਸਪੁੱਤਰ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਇਸ ਦੇ ਮੁਖੀ ਹਨ।
