ਚੰਡੀਗੜ ,10 ਸਤੰਬਰ (ਜੀ98 ਨਿਊਜ਼) : ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਆਰ-ਪਾਰ ਦੇ ਸੰਘਰਸ਼ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਰੋਸ ਪ੍ਰਦਰਸ਼ਨਾਂ ਤੋਂ ਅੱਗੇ ਵੱਧਦੇ ਹੋਏ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਸੂਬੇ ’ਚ ਬੱਸ ਅੱਡਿਆਂ ਦੇ ਮੁੱਖ ਗੇਟਾਂ ਨੂੰ ਜਿੰਦਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਕਰਕੇ ਕੁਝ ਥਾਂਵਾਂ ’ਤੇ ਪਾਈਵੇਟ ਬੱਸ ਚਾਲਕਾਂ ਨਾਲ ਵੀ ਟਕਰਾਅ ਹੋਣ ਦੀਆਂ ਖ਼ਬਰਾਂ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਕੜਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ 15-15 ਸਾਲਾਂ ਤੋਂ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ। ਜਿਨਾਂ ਨੂੰ ਚੋਣਾਂ ਸਮੇਂ ਪੱਕੇ ਕਰਨ ਦੇ ਲਾਰੇ ਲਾ ਕੇ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ। ਯੂਨੀਅਨ ਆਗੂਆਂ ਨੇ ਮੰਨਿਆ ਕਿ ਭਾਵੇਂ ਬੱਸ ਅੱਡੇ ਬੰਦ ਕਰਨ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਪ੍ਰੰਤੂ ਸਰਕਾਰ ਨੂੰ ਕੱਚੇ ਕਾਮਿਆਂ ਦੀਆਂ ਮੰਗਾਂ ਪ੍ਰਤੀ ਸੋਚਣ ਲਈ ਮਜ਼ਬੂਰ ਕਰਨ ਲਈ ਹੁਣ ਸੰਘਰਸ਼ ਨੂੰ ‘ਕਰੋ ਜਾਂ ਮਰੋ’ ਦੀ ਸਥਿਤੀ ਵਿੱਚ ਲਿਜਾਣਾ ਹੋਵੇਗਾ। ਯੂਨੀਅਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਦੇ ਘਿਰਾਓ ਬਾਰੇ ਵੀ ਵਿਉਂਤਬੰਦੀ ਉਲੀਕੀ ਜਾ ਰਹੀ ਹੈ। ਜੇਕਰ ਫੇਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਦੇ ਹਾਈਵੇ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮਾਂ ਦੀਆਂ ਹੋਰ ਜਥੇਬੰਦੀਆਂ ਵੱਲੋਂ ਵੀ ਰੋਡਵੇਜ਼ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਦੀ ਨਿੰਦਾ ਕੀਤੀ ਜਾ ਰਹੀ ਹੈ।