ਬਰਨਾਲਾ,14 ਜੂਨ (ਨਿਰਮਲ ਸਿੰਘ ਪੰਡੋਰੀ)-
-ਵਿਸ਼ੇਸ਼ ਰਿਪੋਰਟ
-ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਦੇ ਨਤੀਜੇ ਨੂੰ ਲੋਕ ਅਜੇ ਤੱਕ ਵੀ ਫਰੋਲ ਰਹੇ ਹਨ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੀ ਵੱਡੀ ਜਿੱਤ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ, ਉਂਝ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਜਿੱਤ ਦਾ ਦਾਅਵਾ ਤਾਂ ਕਰਦੇ ਸਨ ਪਰੰਤੂ ਜਿੱਤ ਐਨੀ ਵੱਡੀ ਹੋਵੇਗੀ ਇਹ ਅੰਦਾਜ਼ਾ ਉਹਨਾਂ ਨੂੰ ਵੀ ਨਹੀਂ ਸੀ। ਸੰਗਰੂਰ ਸੀਟ ‘ਤੇ ਸਭ ਤੋਂ ਮਾੜੇ ਸਿਆਸੀ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਹਨ। ਕੁਝ ਬੂਥਾਂ ਉੱਪਰ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੀ ਵੋਟ ਨਹੀਂ ਪਈ, ਅਜਿਹਾ ਅਕਾਲੀ ਦਲ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹਨਾਂ ਚੋਣਾਂ ਵਿੱਚ ਬੇਅਦਬੀ ਦਾ ਮੁੱਦਾ ਲੋਕਾਂ ਨੇ ਬਿਲਕੁਲ ਹੀ ਵਿਸਾਰ ਕੇ ਰੱਖਿਆ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਮਾੜੀ ਰਹੀ। ਉੰਝ ਤਾਂ ਭਾਵੇਂ ਬਹੁਤ ਸਾਰੇ ਅਜਿਹੇ ਪੱਖ ਹਨ ਜਿਨਾਂ ਕਰਕੇ ਸੰਗਰੂਰ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ ‘ਤੇ ਚਲਿਆ ਗਿਆ ਇਹ ਪ੍ਰੰਤੂ ਕਿਤੇ ਨਾ ਕਿਤੇ ਅਕਾਲੀ ਦਲ ਦੇ ਸਥਾਨਕ ਆਗੂ ਵੀ ਜ਼ਿੰਮੇਵਾਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਅਜਿਹੇ ਆਗੂ ਹਨ ਜਿਨਾਂ ਦੇ ਆਪਣੇ ਪਿੰਡਾਂ ਤੇ ਵਾਰਡਾਂ ਵਿੱਚ ਵੀ ਅਕਾਲੀ ਦਲ ਬੁਰੀ ਤਰ੍ਹਾਂ ਮਾਤ ਖਾ ਗਿਆ। ਇਹਨਾਂ ਵਿੱਚੋਂ ਬਹੁਤੇ ਤਾਂ ਉਹ ਆਗੂ ਹਨ ਜਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੀ ਚੋਣ ਮੁਹਿੰਮ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਸਗੋਂ ਇਹ ਆਗੂ ਆਪਣਾ ਪਿੰਡ ਤੇ ਵਾਰਡ ਛੱਡ ਕੇ ਬਠਿੰਡੇ ਬੀਬੀ ਬਾਦਲ ਲਈ ਵੋਟਾਂ ਮੰਗਦੇ ਰਹੇ। ਅਕਾਲੀ ਦਲ ਦੇ ਇਹਨਾਂ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਵੱਡੇ ਆਗੂਆਂ ਵਿੱਚ ਕੁਝ ਮਹਿਲਾ ਆਗੂ ਵੀ ਸ਼ਾਮਿਲ ਹਨ। ਜੇਕਰ ਇਹਨਾਂ ਆਗੂਆਂ ਦੇ ਪਿੰਡਾਂ ਤੇ ਬੂਥਾਂ ਦੀ ਪੜਚੋਲ ਕੀਤੀ ਜਾਵੇ ਤਾਂ ਇਹਨਾਂ ਦੀ ਝੋਲੀ ਵਿੱਚ ਵੋਟਾਂ ਰੂਪੀ ਦਾਣੇ ਉਂਗਲਾਂ ਦੇ ਪੋਟਿਆਂ ਜਿੰਨੇ ਹੀ ਨਿਕਲੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਵੱਡੇ ਆਗੂ ਬਠਿੰਡਾ ਸੀਟ ‘ਤੇ ਬੀਬੀ ਬਾਦਲ ਲਈ ਵੋਟਾਂ ਮੰਗਦੇ ਰਹੇ ਪਰੰਤੂ ਇਹਨਾਂ ਦੇ ਪਿੱਛੇ ਪਿੰਡਾਂ ਅਤੇ ਵਾਰਡਾਂ ਵਿੱਚ ਝਾੜੂ ਵਾਲੇ ਵੋਟਾਂ ਹੂੰਝ ਕੇ ਲੈ ਗਏ। ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਵੱਡੇ ਆਗੂਆਂ ਦੀ ਸਮੁੱਚੀ ਚੋਣ ਮੁਹਿੰਮ ਦੌਰਾਨ ਆਪਣੇ ਪਿੰਡਾਂ ਤੇ ਵਾਰਡਾਂ ਵਿੱਚੋਂ ਗੈਰਹਾਜ਼ਰੀ ਨੂੰ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਬੇਈਮਾਨੀ ਕਿਹਾ ਜਾ ਸਕਦਾ ਹੈ ਅਤੇ ਝਾੜੂ ਵਾਲਿਆਂ ਨਾਲ ਮਿਲੀ ਭੁਗਤ ਵੀ ਮੰਨਿਆ ਜਾ ਸਕਦਾ ਹੈ। ਇਨਾਂ ਵੱਡੇ ਆਗੂਆਂ ਦੇ ਪਿੰਡਾਂ ਵਿੱਚੋਂ ਅਕਾਲੀ ਉਮੀਦਵਾਰ ਨੂੰ ਨਿਕਲੀਆਂ ਵੋਟਾਂ ਦੇ ਅੰਕੜੇ ਇਹ ਸਪੱਸ਼ਟ ਕਰਦੇ ਹਨ ਕਿ ਇਹ ਵੱਡੇ ਅਕਾਲੀ ਆਗੂ ਪੰਚਾਇਤ ਚੋਣਾਂ ਵਿੱਚ ਪੰਚ ਦੇ ਅਹੁਦੇ ਦੇ ਵੀ ਨੇੜੇ ਤੇੜੇ ਨਹੀਂ ਹੋਣਗੇ। ਲੋਕ ਸਭਾ ਚੋਣਾਂ ਦੌਰਾਨ ਆਪਣੇ ਹਲਕੇ, ਪਿੰਡਾਂ ਅਤੇ ਵਾਰਡਾਂ ਵਿੱਚੋਂ ਗੈਰਹਾਜ਼ਰੀ ਦੇ ਇੰਨੇ ਭਿਆਨਕ ਨਤੀਜੇ ਨਿਕਲਣਗੇ, ਅਜਿਹਾ ਇਹਨਾਂ ਆਗੂਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਪ੍ਰੰਤੂ ਇਹ ਪੱਥਰ ‘ਤੇ ਲਕੀਰ ਵਾਂਗ ਮੰਨਿਆ ਜਾ ਸਕਦਾ ਹੈ ਕਿ ਇਕਬਾਲ ਸਿੰਘ ਝੂੰਦਾਂ ਨੂੰ ਇਹਨਾਂ ਆਗੂਆਂ ਦੇ ਪਿੰਡਾਂ ਦੇ ਵਾਰਡਾਂ ਵਿੱਚੋਂ ਨਿਕਲੀਆਂ ਘੱਟ ਵੋਟਾਂ ਨੇ ਇਹਨਾਂ ਆਗੂਆਂ ਦੇ ਸਿਆਸੀ ਜੀਵਨ ‘ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਹਨਾਂ ਆਗੂਆਂ ਦੇ ਮੋਢਿਆਂ ‘ਤੇ ਭਾਵੇਂ ਅਹੁਦੇਦਾਰੀਆਂ ਦੀਆਂ ਵੱਡੀਆਂ ਫੀਤੀਆਂ ਲੱਗਦੀਆਂ ਰਹਿਣਗੀਆਂ ਪਰੰਤੂ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਅਕਾਲੀ ਆਗੂਆਂ ਦੇ ਪਿੰਡਾਂ/ਵਾਰਡਾਂ ਦੇ ਵੋਟਰਾਂ ਨੇ ਇਹ ਦੱਸ ਦਿੱਤਾ ਕਿ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ। ਇਹ ਵੱਡੇ ਅਕਾਲੀ ਆਗੂ ਲੋਕ ਸਭਾ ਚੋਣਾਂ ਦੌਰਾਨ ਬਠਿੰਡੇ ਜਾ ਕੇ ਆਪਣੇ ਬੌਸ ਦੀਆਂ ਅੱਖਾਂ ਦਾ ਤਾਰਾ ਤਾਂ ਭਾਵੇਂ ਬਣ ਗਏ ਪਰੰਤੂ ਪਿੱਛੇ ਇਹਨਾਂ ਦੇ ਵੋਟਰਾਂ ਨੇ ਆਪਣੀਆਂ ਅੱਖਾਂ ‘ਚੋਂ ਇਹਨਾਂ ਅਕਾਲੀ ਆਗੂਆਂ ਨੂੰ “ਗਿੱਡ” ਵਾਂਗ ਉਤਾਰ ਦਿੱਤਾ।