-ਡੀਸੀ ਫੂਲਕਾ ਨੇ ਕੀਤਾ ਐਸ ਡੀ ਕਾਲਜ ਦੇ ਨਵੇਂ ਮਲਟੀਮੀਡੀਆ ਸਟੂਡੀਓ ਦਾ ਉਦਘਾਟਨ
- ਪੱਤਰਕਾਰ ਬਲਤੇਜ ਪੰਨੂ ਨੇ ਰਿਕਾਰਡ ਕਰਵਾਈ ਪਲੇਠੀ ਇੰਟਰਵਿਊ
- ਬਰਨਾਲਾ, 10 ਸਤੰਬਰ (ਨਿਰਮਲ ਸਿੰਘ ਪੰਡੋਰੀ) : ਐਸ ਡੀ ਕਾਲਜ ਦੇ ਬੈਚੁਲਰ ਆਫ਼ ਵੋਕੇਸ਼ਨ (ਬੀ.ਵੌਕ.) ਡਿਗਰੀ ਕੋਰਸ ਲਈ ਬਣਾਏ ਅਤਿ ਆਧੁਨਿਕ ਮਲਟੀਮੀਡੀਆ ਸਟੂਡੀਓ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਰਿਬਨ ਕੱਟ ਕੇ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਬਿਹਤਰੀਨ ਉਪਰਾਲੇ ਲਈ ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉੱਦਮ ਨੌਜਵਾਨਾਂ ਲਈ ਬਿਹਤਰ ਮੌਕੇ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ। ਉਹਨਾਂ ਇਸ ਸਟੂਡੀਓ ਵਿਚ ਸਥਾਪਤ ਵੱਖ-ਵੱਖ ਸੰਚਾਰ ਤਕਨੀਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਪੁੱਜੇ ਪ੍ਰਸਿੱਧ ਚਿੰਤਕ ਅਤੇ ਨਾਮਵਰ ਪੱਤਰਕਾਰ ਬਲਤੇਜ ਪੰਨੂ ਨੇ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿਚ ਆ ਰਿਹਾ ਨਿਘਾਰ ਚਿੰਤਾ ਦਾ ਵਿਸ਼ਾ ਹੈ । ਉਨਾਂ ਮੰਨਿਆ ਕਿ ਸੋਸ਼ਲ ਮੀਡੀਆ ਨੇ ਰਵਾਇਤੀ ਪੱਤਰਕਾਰੀ ਨੂੰ ਵੱਡੀ ਚੁਣੌਤੀ ਦਿੱਤੀ ਹੈ। ਗੋਦੀ ਮੀਡੀਆ ਦੇ ਇਸ ਯੁੱਗ ਵਿਚ ਸੋਸ਼ਲ ਮੀਡੀਆ ਆਮ ਲੋਕਾਂ ਦੀ ਆਵਾਜ਼ ਬਣਕੇ ਉੱਭਰਿਆ ਹੈ। ਬਰਨਾਲੇ ਵਰਗੇ ਛੋਟੇ ਸ਼ਹਿਰ ਅੰਦਰ ਮਲਟੀਮੀਡੀਆ ਸਟੂਡੀਓ ਦੇ ਆਰੰਭ ਨੂੰ ਸ਼ੁਭ ਸ਼ਗਨ ਦੱਸਦਿਆਂ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਐਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਇਸ ਇਤਿਹਾਸਕ ਸੰਸਥਾ ਦੀ ਇਸ ਖਿੱਤੇ ਵਿਚ ਸਿਰਫ਼ ਅਕਾਦਮਿਕ ਮਹੱਤਤਾ ਹੀ ਨਹੀਂ ਹੈ ਸਗੋਂ ਸਮਾਜਿਕ ਚੇਤਨਾ ਅਤੇ ਨੌਜਵਾਨਾਂ ਦੀ ਅਗਵਾਈ ਵਿਚ ਇਹ ਅਦਾਰਾ ਮਹੱਵਪੂਰਣ ਭੂਮਿਕਾ ਅਦਾ ਕਰਦਾ ਰਿਹਾ ਹੈ। ਇਹ ਮਲਟੀਮੀਡੀਆ ਸਟੂਡੀਓ ਅਸਲ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਦੇ ਨਾਲ ਨਾਲ ਇਸ ਸੰਸਥਾ ਦੀ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਗਟਾਵੇ ਦਾ ਵੀ ਇਜ਼ਹਾਰ ਹੈ। ਸੰਸਥਾ ਵੱਲੋਂ ਲੰਮੇਂ ਸਮੇਂ ਤੋਂ ਚਲਾਏ ਜਾ ਰਹੇ ਅਖ਼ਬਾਰ ‘ਸਮਾਜ ਤੇ ਪੱਤਰਕਾਰ‘ ਦੇ ਸੰਪਾਦਕ ਅਤੇ ਸ਼੍ਰੋਮਣੀ ਪੱਤਰਕਾਰ ਸ੍ਰੀ ਜਗੀਰ ਸਿੰਘ ਜਗਤਾਰ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਹਮੇਸ਼ਾ ਲੋਕ ਹਿੱਤਾਂ ਦੀ ਮੁਦਈ ਰਹੀ ਹੈ। ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਇਹ ਸਟੂਡੀਓ ਤਿਆਰ ਕਰਕੇ ਸੰਸਥਾ ਨੇ ਇਕ ਵਾਰ ਫ਼ਿਰ ਸਮਾਜ ਪ੍ਰਤੀ ਆਪਣੀ ਫ਼ਿਕਰ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਮਹਿਮਾਨਾਂ ਦੇ ਨਾਲ ਨਾਲ ਸਟੂਡੀਓ ਬਣਾਉਣ ਵਾਲੇ ਠੇਕੇਦਾਰ ਦਾ ਵੀ ਸਨਮਾਨ ਕੀਤਾ। ਸਮਾਗਮ ਵਿਚ ਐਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਸ੍ਰੀ ਰਾਹੁਲ ਅੱਤਰੀ, ਮੈਂਬਰ ਸ੍ਰੀ ਭੂਸ਼ਣ ਕੁਮਾਰ, ਵੱਡੀ ਗਿਣਤੀ ਵਿਚ ਪੱਤਰਕਾਰ, ਸਾਰੀਆਂ ਸੰਸਥਾਵਾਂ ਦੇ ਪਿ੍ਰੰਸੀਪਲ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਤਰਸਪਾਲ ਕੌਰ ਨੇ ਬਾਖੂਬੀ ਕੀਤਾ।