ਬਰਨਾਲਾ, 14 ਸਤੰਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲੇ ਦੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮੰਗਲਵਾਰ ਸਵੇਰੇ ਦਿਨ ਚੜਦੇ ਹੀ ਸਾਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਜ਼ਿਕਰਯੋਗ ਹੈ ਕਿ ਪਿੰਡ ਦਾ ਮੌਜੂਦਾ ਸਰਪੰਚ ਬੂਟਾ ਸਿੰਘ ਆਪਣੇ ਕੁਝ ਸਾਥੀ ਪੰਚਾਂ ਨਾਲ 13 ਸਤੰਬਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ’ਚ ਸਰਪੰਚ ਬੂਟਾ ਸਿੰਘ ਖ਼ਿਲਾਫ਼ ਰੋਸ ਭਰ ਗਿਆ। ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਸਰਪੰਚ ਬੂਟਾ ਸਿੰਘ ਨੂੰ ਇਕੱਠ ’ਚ ਬੁਲਾਇਆ ਪਰ ਸਰਪੰਚ ਪਿੰਡ ਵੱਲੋਂ ਸੱਦੇ ਇਕੱਠ ’ਚ ਨਹੀਂ ਆਇਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਰਪੰਚ ਸਮੁੱਚੇ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਭਾਜਪਾ ਤੋਂ ਕਿਨਾਰਾ ਕਰ ਲਵੇ ਕਿਉਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਮੁੱਚਾ ਪੰਜਾਬ ਸੰਘਰਸ਼ ਕਰ ਰਿਹਾ ਹੈ ਅਤੇ ਅਜਿਹੇ ਹਾਲਾਤਾਂ ’ਚ ਭਾਜਪਾ ਦੀ ਮੱਦਦ ਕਰਨਾ ਕਿਸਾਨ ਸੰਘਰਸ਼ ਦਾ ਵਿਰੋਧ ਮੰਨਿਆ ਜਾਵੇਗਾ। ਪਿੰਡ ਵਾਸੀਆਂ ਨੇ ਗੁਰਦੁਅਰਾ ਸਾਹਿਬ ਕੁਝ ਘੰਟੇ ਸਰਪੰਚ ਦੀ ਉਡੀਕ ਕੀਤੀ ਪਰ ਜਦੋਂ ਸਰਪੰਚ ਨਾ ਆਇਆ ਤਾਂ ਪਿੰਡ ਦੀ ਮੌਜੂਦਾ 9 ਮੈਂਬਰੀ ਪੰਚਾਇਤ ਦੇ 6 ਪੰਚਾਂ ਨੇ ਸਰਪੰਚ ਖ਼ਿਲਾਫ਼ ਬੇਵਿਸਾਹੀ ਦਾ ਮਤਾ ਪੇਸ਼ ਕੀਤਾ ਜਿਸ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਥ ਕਲੱਬਾਂ,ਸਾਬਕਾ ਸਰਪੰਚਾਂ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਹਮਾਇਤ ਕੀਤੀ। ਪੰਚਾਇਤ ਦੇ 6 ਪੰਚਾਂ ਨੇ ਸਰਪੰਚ ਬੂਟਾ ਸਿੰਘ ਨੂੰ ਆਹੁਦੇ ਤੋਂ ਹਟਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਬਾਕਸ ਆਈਟਮ
ਖੇਤੀ ਕਾਨੂੰਨਾਂ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਵਿੱਚ ਸ਼ਾਮਲ ਹੋਣ ਸੰਬੰਧੀ ਜਦ ਸਰਪੰਚ ਬੂਟਾ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਕਿਸੇ ਦੇ ਦਬਾਅ ’ਚ ਆ ਕੇ ਭਾਜਪਾ ’ਚ ਸ਼ਾਮਲ ਨਹੀਂ ਹੋਏ ਸਗੋਂ ਆਪਣੀ ਮਰਜ਼ੀ ਨਾਲ ਭਾਜਪਾ ਦਾ ਪੱਲਾ ਫੜਿਆ ਹੈ। ਸਰਪੰਚ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਜ਼ਲੀਲ ਕੀਤਾ ਜਾ ਰਿਹਾ ਸੀ। ਪਿੰਡ ਦੇ ਵਿਕਾਸ ਕੰਮਾਂ ਉੱਪਰ ਖਰਚ ਕੀਤੀਆਂ ਗਰਾਂਟਾਂ ਦੇ ਚੈੱਕ ਨਹੀਂ ਕੱਟੇ ਜਾ ਰਹੇ, ਕੀਤੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਨਹੀਂ ਬਣਾਏ ਜਾ ਰਹੇ , ਸਰਕਾਰੇ-ਦਰਬਾਰੇ ਕੋਈ ਪੁੱਛ ਪ੍ਰਤੀਤ ਨਹੀਂ । ਸਰਪੰਚ ਬੂਟਾ ਸਿੰਘ ਨੇ ਕਿਹਾ ਕਿ ਕੁਝ ਸਮੇਂ ਤੋਂ ‘‘ਮੈਂ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਸੀ, ਮੈਨੂੰ ਚੰਗਾ ਲੱਗਿਆ ਤਾਂ ਮੈਂ ਭਾਜਪਾ ਜੁਆਇਨ ਕਰ ਲਈ। ਭਾਵੇਂ ਕਿ ਮੈਂ ਪਿੰਡ ਦਾ ਸਰਪੰਚ ਹਾਂ ਪਰ ਮੇਰੀ ਨਿੱਜੀ ਜ਼ਿੰਦਗੀ ਵੀ ਹੈ , ਮੈਂ ਆਪਣੇ ਨਿੱਜੀ ਫ਼ੈਸਲੇ ਆਪਣੀ ਮਰਜ਼ੀ ਨਾਲ ਲੈ ਸਕਦਾ ਹਾਂ’’।