ਬਰਨਾਲਾ ,14 ਸਤੰਬਰ (ਨਿਰਮਲ ਸਿੰਘ ਪੰਡੋਰੀ) : ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਦੀਆਂ ਗਲੀਆਂ ਦੇ ਮੱਥਿਆਂ ’ਤੇ ਲਗਾਏ ਸਾਈਨ ਬੋਰਡ ਨਗਰ ਕੌਂਸਲ ਦੇ ਪ੍ਰਧਾਨ, ਅਧਿਕਾਰੀਆਂ ਸਮੇਤ ਸੱਤਾਧਾਰੀ ਪਾਰਟੀ ਦੇ ਆਗੂਆਂ ਲਈ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਅਸਲ ਕੀਮਤ ਤੋਂ ਲੱਗਭੱਗ 4 ਗੁਣਾ ਵੱਧ ਕੀਮਤ ਅਦਾ ਕਰਕੇ ਲਗਾਏ ਇਨਾਂ ਸਾਈਨ ਬੋਰਡਾਂ ਨੇ ਘਪਲੇ ਸ਼ਬਦ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਕਾਂਗਰਸ ਵਿਰੋਧੀ ਪਾਰਟੀਆਂ ਨੂੰ ਤਾਂ ਇੱਕ ਤਕੜਾ ਮੁੱਦਾ ਮਿਲਣਾ ਹੀ ਸੀ ਸਗੋਂ ਕੁਝ ਕਾਂਗਰਸੀ ਆਗੂ ਵੀ ਸਾਈਨ ਬੋਰਡ ਘਪਲੇ ਉੱਪਰ ਆਪਣਿਆਂ ਵੱਲ ਹੀ ਉਂਗਲਾਂ ਸੇਧਿਤ ਕਰ ਰਹੇ ਹਨ। ਦੂਜੇ ਪਾਸੇ ਕੌਂਸਲਰ ਹੇਮਰਾਜ ਨੇ ਸਾਈਨ ਬੋਰਡ ਘਪਲੇ ਨੂੰ ਇੱਕ ਅਜਿਹੇ ਢੰਗ ਨਾਲ ਉਜਾਗਰ ਕੀਤਾ ਜਿਸ ਨੂੰ ਬਿਲਕੁਲ ਵੀ ਅੱਖਂੋ ਪਰੋਖੇ ਨਹੀਂ ਕੀਤਾ ਜਾ ਸਕਦਾ। ਕੌਂਸਲਰ ਹੇਮਰਾਜ ਨੇ ਨਗਰ ਕੌਂਸਲ ਵੱਲੋਂ ਬਣਾਏ ਸਾਈਨ ਬੋਰਡਾਂ ਦੇ ਇੰਨ-ਬਿੰਨ ਸਾਈਨ ਬੋਰਡ ਬਣਾ ਕੇ ਨਗਰ ਕੌਂਸਲ ਦੇ ਮੁੱਖ ਗੇਟ ਦੇ ਬਿਲਕੁਲ ਨਾਲ ਗੱਡ ਦਿੱਤਾ ਹੈ। ਕੌਂਸਲਰ ਹੇਮਰਾਜ ਵੱਲੋਂ ਲਗਾਏ ਇਸ ਬੋਰਡ ਉੱਪਰ ਖ਼ਰਚ ਆਈ ਕੁੱਲ ਲਾਗਤ ਦਾ ਪੂਰਾ ਵੇਰਵਾ ਦਰਜ ਹੈ ਜਿਸ ਮੁਤਾਬਿਕ ਇਹ ਇੱਕ ਸਾਈਨ ਬੋਰਡ 2251 ਰੁਪਏ ਦਾ ਬਣਿਆ ਹੈ ਜਦ ਕਿ ਨਗਰ ਕੌਂਸਲ ਨੇ ਇੱਕ ਸਾਈਨ ਬੋਰਡ ਦੀ ਕੀਮਤ 7400 ਰੁਪਏ ਖ਼ਰਚ ਕੀਤੀ ਦਿਖਾਈ ਹੈ। ਕੌਂਸਲਰ ਹੇਮਰਾਜ ਵੱਲੋਂ ਖੇਡੇ ਗਏ ਪੱਤੇ ਨੇ ਸੰਬੰਧਿਤ ਅਧਿਕਾਰੀਆਂ ਅਤੇ ਜ਼ਿੰਮੇਵਾਰ ਆਗੂਆਂ ਦੀ ਨੀਂਦ ਉਡਾ ਦਿੱਤੀ ਹੈ। ਇੱਥੇ ਇਹ ਵੀ ਸੋਚਣ ਵਾਲੀ ਗੱਲ ਕਿ ਨਗਰ ਕੌਂਸਲ ’ਚ ਸਾਹਮਣੇ ਆ ਰਹੇ ਘਪਲੇ ਪ੍ਰਧਾਨਗੀ ਚੋਣ ਮੌਕੇ ਕੌਂਸਲਰ ਜੌਂਟੀ ਮਾਨ ਵੱਲੋਂ ਲਗਾਏ ਦੋਸ਼ਾਂ ਦੀ ਤਸਦੀਕ ਤਾਂ ਨਹੀਂ ਕਰਦੇ।