-ਬਰਨਾਲਾ ’ਚ ਰਾਤੋ-ਰਾਤ ਘਟੇ ਸਟੀਲ ਦੇ ਰੇਟ
ਬਰਨਾਲਾ, 15 ਸਤੰਬਰ (ਨਿਰਮਲ ਸਿੰਘ ਪੰਡੋਰੀ) : ਜੇਕਰ ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਵਿੱਚ ਲਗਾਏ ਸਾਈਨ ਬੋਰਡਾਂ ਦਾ ਨਵੇਂ ਸਿਰੇ ਤੋਂ ਨਿਰਧਾਰਿਤ ਕੀਤੇ ਰੇਟ 3600 ਰੁਪਏ ਪ੍ਰਤੀ ਸਾਈਨ ਬੋਰਡ ਵੱਲ ਵੇਖਿਆ ਜਾਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਬਰਨਾਲਾ ਸ਼ਹਿਰ ’ਚ ਨਗਰ ਕੌਂਸਲ ਦੇ ਉੱਦਮ ਸਦਕਾ ਰਾਤੋ-ਰਾਤ ਸਟੀਲ ਦੇ ਰੇਟ ਘੱਟ ਗਏ ਹਨ। ਸਾਈਨ ਬੋਰਡਾਂ ਦੇ ਮਾਮਲੇ ’ਚ ਪੂਰੇ ਪੰਜਾਬ ’ਚ ਚਰਚਾ ਵਿੱਚ ਆਈ ਨਗਰ ਕੌਂਸਲ ਬਰਨਾਲਾ ਨੇ ਬੋਰਡ ਦਾ ਰੇਟ 7400 ਰੁਪਏ ਤੋਂ ਘਟਾ ਕੇ 3600 ਰੁਪਏ ਕਰਨ ਦੀ ਗੱਲ ਆਖੀ ਹੈ। ਨਗਰ ਕੌਂਸਲ ਦੇ ਈਓ ਮੋਹਿਤ ਸ਼ਰਮਾ ਦਾ ਕਹਿਣਾ ਹੈ ਕਿ ‘‘ਪ੍ਰਧਾਨ ਜੀ ਦੀ ਜ਼ੁਬਾਨ’’ ਫਿਸਲ ਗਈ ਸੀ ਜਿਸ ਕਰਕੇ ਸਾਈਨ ਬੋਰਡ ਦਾ ਰੇਟ 7400 ਰੁਪਏ ਦੱਸਿਆ ਗਿਆ। ਈਓ ਸਾਹਿਬ ਦੇ ਤਰਕ ਤੋਂ ਬਾਅਦ ਇਹ ਕਹਿਣਾ ਵਾਜਿਬ ਹੋਵੇਗਾ ਕਿ ਨਗਰ ਕੌਂਸਲ ਬਰਨਾਲਾ ਵਰਗਾ ਤਜ਼ਰਬੇਕਾਰ ਈਓ ਸ਼ਾਇਦ ਹੀ ਸਮੁੱਚੇ ਪੰਜਾਬ ’ਚ ਕੋਈ ਹੋਰ ਹੋਵੇਗਾ, ਜਿਸ ਨੇ ਆਪਣੇ ‘‘ਆਕਾ’’ ਦੀ ਫਜੀਹਤ ਉੱਪਰ ਵਿਰਾਮ ਚਿੰਨ ਲਗਾਉਣ ਲਈ ਸਿਰੇ ਦਾ ਤਰਕ ਦਿੱਤਾ। ਬਹਰਹਾਲ ! ਸਾਈਨ ਬੋਰਡਾਂ ਦਾ ਘਪਲਾ ਤਾਂ ਅਜਿਹਾ ਘਪਲਾ ਹੈ ਜੋ ਬੋਰਡ ਸਾਹਮਣੇ ਲੱਗੇ ਹੋਣ ਕਰਕੇ ਉਜਾਗਰ ਹੋ ਗਿਆ ਪ੍ਰੰਤੂ ਅਜਿਹੇ ਹੋਰ ਵੀ ਘਪਲੇ ਰੂਪੀ ਸੱਪ ਨਗਰ ਕੌਂਸਲ ਦੀ ਪਟਾਰੀ ਵਿੱਚ ਬੰਦ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਕੌਂਸਲਰ ਹੇਮਰਾਜ ਵਾਂਗ ਕੋਈ ਹੋਰ ਕੌਂਸਲਰ ਇਨਾਂ ਘਪਲੇ ਰੂਪੀ ਸੱਪਾਂ ਨੂੰ ਨਗਰ ਕੌਂਸਲ ਦੀ ਪਟਾਰੀ ਵਿੱਚੋਂ ਬਾਹਰ ਕੱਢਣ ਲਈ ਹਿੰਮਤ ਰੂਪੀ ਬੀਨ ਵਜਾਉਦਾ ਹੈ ਜਾਂ ਫ਼ਿਰ ਸਾਰੇ ਕੌਂਸਲਰ ਬਾਂਦਰ-ਬਾਂਦਰੀ ਦੀ ਖੇਡ ਵਾਂਗ ਆਕਾ ਦੀ ਡੁਗਡੁਗੀ ’ਤੇ ਹੀ ਨੱਚਣ ਵਾਲੇ ਸਾਬਤ ਹੋਣਗੇ। ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਰਾਜ ਸੱਤਾ ਦਾ ਆਨੰਦ ਮਾਨਣ ਵਾਲਿਆਂ ਦੀ ਮਜ਼ਬੂਰੀ ਤਾਂ ਸਮਝ ਆਉਦੀ ਹੈ ਪ੍ਰੰਤੂ ਵਿਰੋਧੀ ਪਾਰਟੀ ਦੇ ਕੌਂਸਲਰਾਂ ਦੀ ਚੁੱਪ ਕਈ ਸਵਾਲ ਖੜੇ ਕਰਦੀ ਹੈ ਕਿ ਕਿਧਰੇ ਇਹ ਕੌਂਸਲਰ ਸਾਈਨ ਬੋਰਡਾਂ ਉੱਪਰ ‘‘ਆਪਣੇ ਨਾਮ ਦਾ ਲੌਲੀਪੌਪ’’ ਲੈ ਕੇ ਹੀ ਚੁੱਪ ਹਨ।