ਬਰਨਾਲਾ 16 ਸਤੰਬਰ (ਨਿਰਮਲ ਸਿੰਘ ਪੰਡੋਰੀ)– ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦੇ ਹੋਏ ਪਿੰਡ ਚੰਨਣਵਾਲ ਦੇ ਸਰਪੰਚ ਬੂਟਾ ਸਿੰਘ ਨੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਪ੍ਰਸ਼ਾਸਨ ਤੋਂ ਪਿੰਡ ਚੰਨਣਵਾਲ ਦੇ ਤਣਾਅਪੂਰਨ ਮਾਹੌਲ ਸਬੰਧੀ ਧਿਆਨ ਦੇਣ ਦੀ ਮੰਗ ਕੀਤੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਬੂਟਾ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਿੰਡ ਦੇ ਲੋਕਾਂ ਨੂੰ ਖਾਸ ਕਰਕੇ ਉਸ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਉਸ ਦੇ ਪਰਿਵਾਰ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਪੰਚ ਬੂਟਾ ਸਿੰਘ ਨੇ ਕਿਹਾ ਕਿ ਉਸ ਦੀ 9 ਸਾਲ ਦੀ ਬੱਚੀ ਬਿਮਾਰ ਹੈ ਅਤੇ ਪਿੰਡ ਵਿਚ ਮੈਡੀਕਲ ਪ੍ਰੈਕਟਿਸ ਕਰਨ ਵਾਲਿਆਂ ਨੂੰ ਦਵਾਈ ਦੇਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ‘ਚ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਦੇਣ ਤੋਂ ਵੀ ਰੋਕਿਆ ਜਾ ਰਿਹਾ ਹੈ। ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਲਈ ਪੈਸੇ ਅਤੇ ਹੋਰ ਲਾਲਚ ਦੇਣ ਸਬੰਧੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਰਪੰਚ ਬੂਟਾ ਸਿੰਘ ਨੇ ਕਿਹਾ ਕਿ “ਮੈਂ ਆਜ਼ਾਦ ਮੁਲਕ ਦਾ ਵਾਸੀ ਹਾਂ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣਾ ਮੇਰਾ ਸੰਵਿਧਾਨਕ ਹੱਕ ਹੈ, ਮੈਨੂੰ ਭਾਜਪਾ ਚੰਗੀ ਲੱਗੀ ਤਾਂ ਮੈਂ ਜੁਆਇਨ ਕਰ ਲਈ, ਜੇਕਰ ਕੋਈ ਸਾਬਤ ਕਰ ਦੇਵੇ ਕਿ ਮੈਂ ਭਾਜਪਾ ਵਿਚ ਸ਼ਾਮਿਲ ਹੋਣ ਬਦਲੇ ਕੋਈ ਪੈਸਾ ਲਿਆ ਹੈ ਤਾਂ ਲੋਕਾਂ ਦੀਆਂ ਜੁੱਤੀਆਂ ਅਤੇ ਮੇਰਾ ਸਿਰ ਹੋਵੇਗਾ”। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਅਗਵਾਈ ਹੇਠ ਪਿੰਡ ਚੰਨਣਵਾਲ ਦੇ ਸਰਪੰਚ ਤੇ ਕੁਝ ਪੰਚਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਜਿਸ ਤੋਂ ਬਾਅਦ ਪਿੰਡ ਚੰਨਣਵਾਲ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਇਕੱਠ ਕਰਕੇ ਮਤਾ ਪਾਸ ਕੀਤਾ ਸੀ ਕਿ ਜਿਨ੍ਹਾਂ ਚਿਰ ਸਰਪੰਚ ਪਿੰਡ ਦੇ ਲੋਕਾਂ ਵਿੱਚ ਆ ਕੇ ਭਾਜਪਾ ਛੱਡਣ ਸਬੰਧੀ ਐਲਾਨ ਨਹੀਂ ਕਰਦਾ ਅਤੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਉਸ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿੰਡ ਦੀ ਪੰਚਾਇਤ ਦੇ ਬਹੁਗਿਣਤੀ ਮੈਂਬਰਾਂ ਨੇ ਸਰਪੰਚ ਨੂੰ ਸਰਪੰਚੀ ਤੋਂ ਹਟਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਵਜੂਦ ਵੀ ਸਰਪੰਚ ਬੂਟਾ ਸਿੰਘ ਅਤੇ ਉਸਦੇ ਸਾਥੀ ਕੁਝ ਪੰਚਾਂ ਨੇ ਭਾਜਪਾ ਛੱਡਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਚੰਨਣਵਾਲ ਦਾ ਮਾਹੌਲ ਕੁਝ ਤਣਾਅਪੂਰਨ ਬਣਿਆ ਹੋਇਆ ਹੈ।