ਚੰਡੀਗੜ੍ਹ,18 ਜੁਲਾਈ, Gee98 news service
-ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਹੋਰ ਅਹਿਮ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਹੋਰ ਘਟਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਦਾ ਅਸਰ ਪੰਜਾਬੀ ਵਿਦਿਆਰਥੀਆਂ ‘ਤੇ ਵਧੇਰੇ ਪੈਣ ਦੀ ਸੰਭਾਵਨਾ ਹੈ। ਹੁਣ ਬੀ.ਸੀ. ਦੇ ਕਾਲਜ ਅਤੇ ਯੂਨੀਵਰਸਿਟੀਜ਼ ਆਪਣੀ ਕੁਲ ਸਮਰੱਥਾ ਦਾ ਸਿਰਫ 30 ਫੀਸਦੀ ਕੌਮਾਂਤਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦੇ ਸਕਣਗੇ ਜਦਕਿ 2023 ਵਿਚ ਬੀ.ਸੀ. ਦੀਆਂ ਵਿਦਿਅਕ ਸੰਸਥਾਵਾਂ ਨੂੰ 35 ਫ਼ੀਸਦੀ ਤੱਕ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ਦੀ ਖੁੱਲ੍ਹ ਮਿਲੀ ਹੋਈ ਸੀ।ਬੀ.ਸੀ. ਵਿਚ ਨਵੀਆਂ ਹਦਾਇਤਾਂ ਜੁਲਾਈ ਮਹੀਨੇ ਤੋਂ ਹੀ ਲਾਗੂ ਹੋ ਰਹੀਆਂ ਹਨ ਅਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਦੌਰਾਨ ਇਨ੍ਹਾਂ ਮੁਤਾਬਕ ਹੀ ਦਾਖਲੇ ਕਰਨੇ ਹੋਣਗੇ। ਬੀ.ਸੀ. ਦੇ ਪੋਸਟ ਸੈਕੰਡਰੀ ਐਜੁਕੇਸ਼ਨ ਅਤੇ ਫਿਊਚਰ ਸਕਿਲਜ਼ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਬਾਰੇ ਨਵੀਆਂ ਹਦਾਇਤਾਂ ਸਬੰਧਤ ਵਿਦਿਅਕ ਅਦਾਰਿਆਂ ਦੀਆਂ ਸੇਵਾਵਾਂ ਦਾ ਮਿਆਰ ਉਚਾ ਰੱਖਣ ਦੇ ਮਕਸਦ ਤਹਿਤ ਜਾਰੀ ਕੀਤੀਆਂ ਗਈਆਂ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਵੇਲੇ ਤਕਰੀਬਨ 1 ਲੱਖ 75 ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਨਵੀਆਂ ਹਦਾਇਤਾਂ ਲਾਗੂ ਹੋਣ ਮਗਰੋਂ ਇਨ੍ਹਾਂ ਦੀ ਗਿਣਤੀ ਵਿਚ ਕਮੀ ਆਵੇਗੀ। ਸੂਬਾ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਕੌਮਾਂਤਰੀ ਸਿੱਖਿਆ ਨਾਲ ਸਬੰਧਤ ਆਪਣੀ ਯੋਜਨਾ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ ਤਾਂਕਿ ਵਿਦਿਆਰਥੀਆਂ ਦੀ ਗਿਣਤੀ ਬਾਰੇ ਤੈਅ ਹੱਦ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਕੈਨੇਡਾ ਸਰਕਾਰ ਵੱਲੋਂ ਜਨਵਰੀ 2024 ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਬਾਰੇ ਕੀਤੇ ਐਲਾਨ ਮਗਰੋਂ ਬ੍ਰਿਟਿਸ਼ ਕੋਲੰਬੀਆ ਵਿਚ ਨਵੇਂ ਵਿਦਿਅਕ ਅਦਾਰਿਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ‘ਤੇ ਦੋ ਸਾਲ ਦੀ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਗਿਆ। ਭਾਵੇਂ ਬੀ.ਸੀ. ਵਿਚ 1 ਲੱਖ 75 ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ ਪਰ ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਪ੍ਰਾਈਵੇਟ ਵਿਦਿਅਕ ਅਦਾਰਿਆਂ ਦਾ ਹਿੱਸਾ ਹਨ। ਕੈਨੇਡਾ ਵਿਚ ਕੌਮੀ ਅਤੇ ਸੂਬਾ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਕਦਮ ਅਜਿਹੇ ਸਮੇਂ ਉਠਾਇਆ ਗਿਆ ਜਦੋਂ 2023 ਵਿਚ ਅੰਕੜਾ 10 ਲੱਖ 40 ਹਜ਼ਾਰ ਤੋਂ ਟੱਪ ਗਿਆ। ਫੈਡਰਲ ਸਰਕਾਰ ਨੂੰ 9.5 ਲੱਖ ਵਿਦਿਆਰਥੀਆਂ ਦੇ ਪੁੱਜਣ ਦੀ ਉਮੀਦ ਸੀ ਪਰ ਗਿਣਤੀ ਕਿਤੇ ਜ਼ਿਆਦਾ ਉਪਰ ਚਲੀ ਗਈ। ਸਭ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਭਾਰਤ ਤੋਂ ਆ ਰਹੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹੁੰਦੇ ਹਨ।ਭਾਰਤ ਤੋਂ ਬਾਅਦ ਚੀਨ, ਫਿਲੀਪੀਨਜ਼ ਅਤੇ ਨਾਈਜੀਰੀਆ ਤੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਪੁੱਜ ਰਹੇ ਹਨ।