ਬਰਨਾਲਾ- ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਸਾਈਨ ਬੋਰਡਾਂ ’ਚ ਘਪਲੇ ਸੰਬੰਧੀ ਕੋਈ ਕਾਰਵਾਈ ਹੋਵੇ ਜਾਂ ਨਾ ਹੋਵੇ ਪ੍ਰੰਤੂ ਇਸ ਮਾਮਲੇ ਨੇ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਦੀ ਸਿਆਸੀ ਬਲੀ ਜ਼ਰੂਰ ਲੈ ਲਈ ਹੈ। ਆਪ ਦਾ ਕੌਂਸਲਰ ਭੁਪਿੰਦਰ ਭਿੰਦੀ 16 ਸਤੰਬਰ ਨੂੰ ਸਾਈਨ ਬੋਰਡ ਘਪਲੇ ਸੰਬੰਧੀ ਕਾਂਗਰਸ ਦੀ ਸਪੱਸ਼ਟੀਕਰਨ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਇਆ ਸੀ। ਜਿਸ ਤੋਂ ਬਾਅਦ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੂੰ ਪਾਰਟੀ ’ਚੋਂ ਮੁਅੱਤਲ ਕਰਕੇ 15 ਦਿਨਾਂ ਵਿੱਚ ਜ਼ਵਾਬ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਪਾਰਟੀ ਨੇ ਕੌਂਸਲਰ ਭਿੰਦੀ ਦੀ ਕਾਂਗਰਸ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਮੂਲੀਅਤ ਨੂੰ ਅਨੁਸ਼ਾਸਨਹੀਣਤਾ ਮੰਨਿਆ ਹੈ। ਜ਼ਿਕਰਯੋਗ ਹੈ ਕਿ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਈਨ ਬੋਰਡ ਘਪਲੇ ਸੰਬੰਧੀ ਡੀਸੀ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਪ੍ਰੰਤੂ ਦੂਜੇ ਪਾਸੇ ਆਪ ਦਾ ਕੌਂਸਲਰ ਭਿੰਦੀ ਕਾਂਗਰਸ ਦੀ ਪ੍ਰੈਸ ਕਾਨਫਰੰਸ ਵਿੱਚ ਪਕੌੜਿਆਂ ਦਾ ਸਵਾਦ ਚੱਖ ਰਿਹਾ ਸੀ, ਜਿਸ ਤੋਂ ਬਾਅਦ ਵਿਧਾਇਕ ਮੀਤ ਹੇਅਰ ਸਮੇਤ ਆਪ ਦੀ ਜ਼ਿਲਾ ਕਮੇਟੀ ਨੂੰ ਨਮੋਸ਼ੀ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਆਖਿਰ, ਕਸੂਤੀ ਸਿਆਸੀ ਸਥਿਤੀ ਵਿੱਚ ਫਸੀ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰ ਨੂੰ ਮੁਅੱਤਲ ਕਰਨ ਦਾ ਅੱਕ ਚੱਬਿਆ।