-ਪੰਜਾਬ ਦਾ ਦਲਿਤ ਵਰਗ ਭਾਜਪਾ ਦੀਆਂ ਚਾਲਾਂ ਤੋਂ ਸੁਚੇਤ ਰਹੇ : ਕੋਕਰੀ ਕਲਾਂ
ਬਰਨਾਲਾ,18 ਸਤੰਬਰ (ਨਿਰਮਲ ਸਿੰਘ ਪੰਡੋਰੀ) ਬੀਕੇਯੂ ਏਕਤਾ ਉਗਰਾਹਾਂ ਦਾ ਕੱਲਾ-ਕੱਲਾ ਵਰਕਰ ਰਾਜਨੀਤੀ ਨਾਲ ਪੂਰੀ ਤਰਾਂ ਲੈੱਸ ਹੈ ਅਤੇ ਅਸੀਂ ਰਾਜਨੀਤੀ ਨਾਲ ਹੀ ਸਿਰ ਚੁੱਕ ਰਹੇ ਸਾਮਰਾਜਵਾਦ ਨੂੰ ਖ਼ਤਮ ਕਰਾਂਗੇ। ਇਹ ਵਿਚਾਰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਜੀ98 ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤੇ। ਉਨਾਂ ਕਿਹਾ ਕਿ ਸਾਡੀ ਜਥੇਬੰਦੀ ਗ਼ੈਰ -ਸਿਆਸੀ ਨਹੀਂ ਹੈ, ਅਸੀਂ ਪੂਰੀ ਤਰਾਂ ਸਿਆਸੀ ਹਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਆਸੀ ਪਾਰਟੀਆਂ ਦੇ ਵਿਰੋਧ ਸੰਬੰਧੀ ਸਵਾਲ ਦੇ ਜ਼ਵਾਬ ’ਚ ਝੰਡਾ ਸਿੰਘ ਨੇ ਕਿਹਾ ਕਿ ਸਾਡੀ ਜਥੇਬੰਦੀ ਭਾਜਪਾ ਆਗੂਆਂ ਦਾ ਹਰ ਥਾਂ ਵਿਰੋਧ ਕਰੇਗੀ ਪਰ ਜਿੱਥੋ ਤੱਕ ਦੂਜੀਆਂ ਪਾਰਟੀਆਂ ਦੇ ਵਿਰੋਧ ਦਾ ਸਵਾਲ ਹੈ ਤਾਂ ਬੀਕੇਯੂ ਉਗਰਾਹਾਂ ਦੀ ਰਣਨੀਤੀ ਹੈ ਕਿ ਬੀਜੇਪੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦਾ ਵਿਰੋਧ ਕਰਨ ਦੀ ਬਜਾਏ ਉਨਾਂ ਨੂੰ ਸਵਾਲ ਕਰਾਂਗੇ, ਜੇਕਰ ਕੋਈ ਪਾਰਟੀ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜੇਗੀ ਤਾਂ ਉਸ ਪ੍ਰਤੀ ਹੋਰ ਰਣਨੀਤੀ ਬਣਾਵਾਂਗੇ। ਝੰਡਾ ਸਿੰਘ ਜੇਠੂਕੇ ਦੀਆਂ ਗੱਲਾਂ ਤੋਂ ਸਪੱਸ਼ਟ ਲੱਗਦਾ ਹੈ ਕਿ ਬੀਕੇਯੂ ਊਗਰਾਹਾਂ ਵਿਧਾਨ ਸਭਾ ਚੋਣਾਂ ਸੰਬੰਧੀ ਬਾਕੀ ਕਿਸਾਨ ਜਥੇਬੰਦੀਆਂ ਨਾਲੋ ਵੱਖਰੀ ਰਣਨੀਤੀ ਬਣਾਏਗੀ, ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਬੀਕੇਯੂ ਉਗਰਾਹਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਸੈਕਟਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਾਜਪਾ ਵੱਲੋਂ ਪਿੰਡਾਂ ਦੇ ਸਰਪੰਚਾਂ/ ਪੰਚਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਸੰਬੰਧੀ ਮੁਹਿੰਮ ’ਤੇ ਟਿੱਪਣੀ ਕਰਦੇ ਕਿਹਾ ਕਿ ਇਹ ਭਾਜਪਾ ਦਾ ਪਿੰਡਾਂ ਦੀ ਭਾਈਚਾਰਕ ਏਕਤਾ ਨੂੰ ਤੋੜਨ ਦਾ ਨਵਾਂ ਫਾਰਮੂਲਾ ਹੈ । ਉਨਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਮੱਤ ਹੈ ਕਿ ਭਾਜਪਾ ’ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਨਾ ਕੀਤਾ ਜਾਵੇ ਕਿਉਂਕਿ ਇਹੋ ਤਾਂ ਭਾਜਪਾ ਚਾਹੁੰਦੀ ਹੈ। ਉਨਾਂ ਕਿਹਾ ਕਿ ਭਾਜਪਾ ਦੇ ਚੁੰਗਲ ’ਚ ਫਸਣ ਵਾਲੇ ਆਗੂਆਂ ਨੂੰ ਸਮੇਂ ਦੀ ਨਜ਼ਾਕਤ ਅਨੁਸਾਰ ਵਾਪਸ ਮੋੜਨ ਲਈ ਕਿਸੇ ਰਣਨੀਤੀ ਤਹਿਤ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਭਾਈਚਾਰਕ ਏਕਤਾ ਵੀ ਬਣੀ ਰਹੇ। ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਾਜਪਾ ਦੇ ‘ਦਲਿਤ ਹੇਜ਼’ ਸੰਬੰਧੀ ਕਿਹਾ ਕਿ ਯੂਪੀ ਸਮੇਤ ਹੋਰ ਸੂਬੇ ਜਿੱਥੇ ਭਾਜਪਾ ਦਾ ਰਾਜ ਹੈ ਉੱਥੇ ਦਲਿਤਾਂ ਦੀ ਹਾਲਤ ਬਦ ਤੋਂ ਵੀ ਬਦਤਰ ਹੈ, ਇਸ ਲਈ ਪੰਜਾਬ ਦੇ ਦਲਿਤ ਵਰਗ ਨੂੰ ਭਾਜਪਾ ਦੀਆਂ ਲੂੰਬੜ ਚਾਲਾਂ ’ਚ ਨਹੀਂ ਫਸਣਾ ਚਾਹੀਦਾ।