ਬਰਨਾਲਾ,18 ਸਤੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਡੀ ਗਿਣਤੀ ’ਚ ਟਕਸਾਲੀ ਕਾਂਗਰਸੀਆਂ ਨੇ ਬੀਬੀ ਹਰਚੰਦ ਕੌਰ ਘਨੌਰੀ ਖ਼ਿਲਾਫ਼ ਬਗਾਵਤ ਦਾ ਬਿਗਲ ਵਜਾ ਕੇ ਬੀਬੀ ਘਨੌਰੀ ਨੂੰ ਆਗਾਮੀ ਚੋਣਾਂ ਲਈ ਟਿਕਟ ਦੀ ਦੌੜ ’ਚੋਂ ਬਾਹਰ ਕੱਢਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ 18 ਸਤੰਬਰ ਇੱਕ ਮੈਰਿਜ ਪੈਲੇਸ ਵਿੱਚ ਬੀਬੀ ਘਨੌਰੀ ਵਿਰੋਧੀ ਕਾਂਗਰਸੀ ਆਗੂਆਂ/ਵਰਕਰਾਂ ਨੇ ਇਕੱਠੇ ਹੋ ਕੇ ਕਾਂਗਰਸ ਹਾਈਕਮਾਂਡ ਨੂੰ ਸਿੱਧੇ ਤੌਰ ’ਤੇ ਚਿਤਾਵਨੀ ਭਰੇ ਲਹਿਜ਼ੇ ’ਚ ਆਖ ਦਿੱਤਾ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੀਬੀ ਘਨੌਰੀ ਨੂੰ ਟਿਕਟ ਦਿੱਤੀ ਗਈ ਤਾਂ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ। ਬੀਬੀ ਘਨੌਰੀ ਖ਼ਿਲਾਫ਼ ਇਸ ਇਕੱਠ ਦੀ ਵਿਸ਼ੇਸਤਾ ਇਹ ਵੀ ਰਹੀ ਕਿ ਸਾਢੇ ਚਾਰ ਸਾਲ ਬੀਬੀ ਘਨੌਰੀ ਨਾਲ ਰਹਿ ਕੇ ਚੰਮ ਦੀਆਂ ਚਲਾਉਣ ਵਾਲੇ, ਆਪਣੇ ਹਰ ਜਾਇਜ਼/ਨਾਜਾਇਜ਼ ਕੰਮ ਕਰਵਾਉਣ ਵਾਲੇ ਅਤੇ ਚੇਅਰਮੈਨੀਆਂ ਸਮੇਤ ਵੱਡੇ ਅਹੁਦਿਆਂ ਦਾ ਸਵਾਦ ਚੱਖਣ ਵਾਲੇ ਆਗੂਆਂ ਨੇ ਵੀ ਬੀਬੀ ਘਨੌਰੀ ਖ਼ਿਲਾਫ਼ ਇਸ ਇਕੱਠ ਵਿੱਚ ਸ਼ਾਮਲ ਹੋ ਕੇ ਬਗਾਵਤ ਦਾ ਝੰਡਾ ਚੁੱਕ ਲਿਆ। ਸੂਤਰਾਂ ਅਨੁਸਾਰ ਇਹ ਇਕੱਠ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਦਾਅਵੇਦਾਰ ਕਾਂਗਰਸੀ ਆਗੂਆਂ ਨੇ ਆਪਸੀ ਤਾਲਮੇਲ ਰਾਹੀ ਕੀਤਾ ਅਤੇ ਇਸ ਮੌਕੇ ਪੈਲੇਸ ਦੀ ਬੁਕਿੰਗ ਤੇ ਚਾਹ ਪਕੌੜਿਆਂ ਦਾ ਖਰਚਾ ਵੀ ਉਕਤ ਦਾਅਵੇਦਾਰਾਂ ਨੇ ਰਲ-ਮਿਲ ਕੇ ਕੀਤਾ। ਬੀਬੀ ਘਨੌਰੀ ਵਿਰੁੱਧ ਇਸ ਇਕੱਠ ’ਚ ਇੱਕ ਝਲਕ ਇਹ ਵੀ ਦੇਖਣ ਨੂੰ ਮਿਲੀ ਕਿ ਟਿਕਟ ਦੀ ਦੌੜ ’ਚਂੋ ਬੀਬੀ ਘਨੌਰੀ ਨੂੰ ਬਾਹਰ ਕੱਢਣ ਲਈ ਕਿਸੇ ਇੱਕ ਆਗੂ ਉੱਪਰ ਸਹਿਮਤੀ ਕਰਨ ਦੀ ਬਜਾਏ ਸਾਰਿਆਂ ਨੂੰ ਹੀ ਟਿਕਟ ਦਾ ਲੌਲੀਪੌਪ ਦੇ ਦਿੱਤਾ ਗਿਆ। ਟਿਕਟ ਦੇ ਮਜ਼ਬੂਤ ਦਾਅਵੇਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ‘‘ਸਭ ਦੇ ਨਾਮ ਦੀਆਂ ਪਰਚੀਆਂ ਪਾਈਆਂ ਜਾਣਗੀਆਂ, ਜਿਸ ਦੀ ਪਰਚੀ ਨਿਕਲ ਆਈ ਉਸ ਨੂੰ ਹਾਈਕਮਾਂਡ ਅੱਗੇ ਹਲਕਾ ਮਹਿਲ ਕਲਾਂ ਤੋਂ ਟਿਕਟ ਲਈ ਪੇਸ਼ ਕੀਤਾ ਜਾਵੇਗਾ’’। ਭਾਵ ਕਿ ਬੀਬੀ ਘਨੌਰੀ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਦਾ ਅਜੇ ਆਪਣਾ ਕੋਈ ਆਗੂ ਨਹੀਂ ਹੈ। ਹਲਕਾ ਰਿਜਰਵ ਹੋਣ ਕਾਰਨ ਜਨਰਲ ਕੈਟਾਗਰੀ ਦੇ ਕਾਂਗਰਸੀ ਆਗੂ ਟਿਕਟ ਦੇ ਦਾਅਵੇਦਾਰਾਂ ਨੂੰ ਪਰਦੇ ਓਹਲੇ ਥਾਪੀਆਂ ਦੇ ਰਹੇ ਹਨ, ਜਿਵੇ ਸਵੇਰੇ ਕਿਸੇ ਹੋਰ ਨੂੰ , ਦੁਪਹਿਰੇ ਕਿਸੇ ਹੋਰ ਨੂੰ ਅਤੇ ਸ਼ਾਮ ਵੇਲੇ ਕਿਸੇ ਹੋਰ ਨੂੰ ਮਿਹਨਤ ਕਰਨ ਦਾ ਥਾਪੜਾ ਦੇ ਦਿੱਤਾ ਜਾਂਦਾ ਹੈ। ਹਲਕਾ ਮਹਿਲ ਕਲਾਂ ’ਚ ਭਾਵੇਂ ਕਿ ਬੀਬੀ ਘਨੌਰੀ ਵਿਰੋਧੀ ਗੁੱਟ ਮਜ਼ਬੂਤ ਸਥਿਤੀ ਵਿੱਚ ਹੋਣ ਕਰਕੇ ਬੀਬੀ ਘਨੌਰੀ ਦਾ ਤਖ਼ਤ ਹਿਲਾਉਣ ਦੇ ਸਮਰੱਥ ਹੈ ਪ੍ਰੰਤੂ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ‘ਇੱਕ ਅਨਾਰ, ਸੌ ਬਿਮਾਰ’ ਵਾਲੀ ਹੋਣ ਕਰਕੇ ਬੀਬੀ ਘਨੌਰੀ ਵਿਰੋਧੀ ਗੁੱਟ ਦੀ ਸਥਿਤੀ ਵੀ ਭੰਬਲਭੂਸੇ ਵਾਲੀ ਬਣੀ ਹੋਈ ਹੈ।