ਚੰਡੀਗੜ – ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਂਡ ਦੇ ਕਹਿਣ ’ਤੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੇ ਰਾਜਪਾਲ ਨੂੰ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਖੀਆਂ ਗੱਲਾਂ ਕੈਪਟਨ ਦੀ ਭਵਿੱਖ ਦੀ ਰਣਨੀਤੀ ਦਾ ਸੰਕੇਤ ਹਨ। ਕੈਪਟਨ ਨੇ ਕਿਹਾ ਕਿ ‘‘ ਮੈਨੂੰ ਬੇਇੱਜ਼ਤ ਕੀਤਾ ਗਿਆ ਹੈ, ਮੈਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਕਦਮ ਚੁੱਕਾਂਗਾ, ਹਾਈਕਮਾਂਡ ਨੇ ਮੇਰੇ ਤੋਂ ਅਸਤੀਫ਼ਾ ਲਿਆ ਹੈ, ਹੁੂਣ ਹਾਈਕਮਾਂਡ ਜਿਸ ਨੂੰ ਚਾਹੇ ਮੁੱਖ ਮੰਤਰੀ ਬਣਾ ਲਵੇ, ਮੈਂ ਨਵੇਂ ਚਿਹਰੇ ਨੂੰ ਸਵੀਕਾਰ ਕਰਾਂਗਾ ਜਾਂ ਨਾ ਕਰਾਂਗਾ ਇਸ ਬਾਰੇ ਕੁਝ ਨਹੀਂ ਕਹਾਂਗਾ’’। ਬਹਰਹਾਲ! ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਉੱਪਰ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਕਿ ਉਹ ਸ਼ਰੇਆਮ ਬਗਾਵਤ ਦਾ ਬਿਗਲ ਵਜਾ ਕੇ ਕਾਂਗਰਸ ਤੋਂ ਅਸਤੀਫ਼ਾ ਦੇਣਗੇ ਜਾਂ ਫ਼ਿਰ ਕਾਂਗਰਸ ਵਿੱਚ ਰਹਿ ਕੇ ਹੀ ਆਪਣੇ ਤਖ਼ਤ ਦੀਆਂ ਚੂਲਾਂ ਢਿੱਲੀਆਂ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ‘‘ਇੱਕੀ ਦੀ ਇਕਤਾਲੀ’’ ਪਾਉਣ ਵਾਲੀ ਨੀਤੀ ’ਤੇ ਕੰਮ ਕਰਨਗੇ। ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਟਿੱਕੇ ਰਹਿਣਗੇ ਤਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਲਈ ਚੁਣੌਤੀਆਂ ਖੜੀਆਂ ਕਰਦੇ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਹਾਲਤ ਸੰਬੰਧੀ ਮਿਰਜ਼ਾ ਗ਼ਾਲਿਬ ਦੀਆਂ ਦੋ ਲਾਈਨਾਂ ਯਾਦ ਆਉਂਦੀਆਂ ਹਨ ਕਿ ‘‘ ਨਿਕਲਨਾ ਖ਼ੁਦ ਸੇ ਆਦਮ ਕਾ ਸੁਨਤੇ ਆਏ ਹੈ, ਲੇਕਿਨ ਬਹੁਤ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ’’।