- ਮਹਿੰਗਾਈ ਨੂੰ ਰੋਕਣਾ ਬਹੁਤ ਜਰੂਰੀ
ਧੂਰੀ- “ਦੇਸ਼ ਅੰਦਰ ਮਹਿੰਗਾਈ ਅਸਮਾਨ ਛੂਹ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੋ ਗਿਆ ਹੈ,ਮਹਿੰਗਾਈ ਦਰ ਨੂੰ ਸਮਾਂ ਰਹਿੰਦਿਆਂ ਕੰਟਰੌਲ ਕਰਨਾ ਬਹੁਤ ਜ਼ਰੂਰੀ ਹੈ।ਮਹਿੰਗਾਈ ਜਾਂ ਸਿਰ ਚੜੇ ਕਰਜ਼ੇ ਕਾਰਨ ਮਜ਼ਬੂਰੀ ਵੱਸ ਹੋ ਰਹੀਆਂ ਖੁਦਕਸ਼ੀਆਂ ਚਿੰਤਾ ਦਾ ਵਿਸ਼ਾ ਹੈ।ਲੋਕਾਂ ਨੂੰ ਰੋਜ਼ਗਾਰ ਦੇਣ ਲਈ ਵੱਡੇ ਪੱਧਰ ‘ਤੇ ਵਸੀਲੇ ਪੈਦਾ ਕਰਨੇ ਸਮੇਂ ਦੀ ਜ਼ਰੂਰੀ ਮੰਗ ਹੈ। “ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ਕੇਵਾਈਓਆਈ ਦੇ ਸੂਬਾ ਪ੍ਰਚਾਰ ਸਕੱਤਰ ਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਕੇ.ਵਾਈ.ਓ.ਆਈ. ਦੇ ਉਮੀਦਵਾਰ ਬਲਜਿੰਦਰ ਸਿੰਘ ਕਾਤਰੋਂ ਨੇ ਹਲਕੇ ਦੇ ਪਿੰਡ ਘਨੌਰੀ ਕਲਾਂ, ਜਹਾਂਗੀਰ, ਕਹੇਰੂ, ਚਾਂਗਲੀ,ਰੜ, ਫਰਵਾਹੀ, ਸਲੇਮਪੁਰ, ਰਣੀਕੇ, ਮੂਲੋਵਾਲ, ਬਮਾਲ ਵਿਖੇ ਆਪਣੇ ਸਮਰੱਥਕਾਂ ਨੂੰ ਮਿਲਣ ਉਪਰੰਤ ਪ੍ਰੈੱਸ ਨੂੰ ਦਿੱਤੇ ਇੱਕ ਬਿਆਨ ‘ਚ ਕੀਤਾ। ਬਲਜਿੰਦਰ ਕਾਤਰੋਂ ਨੇ ਅੱਗੇ ਕਿਹਾ ਕਿ ਖੇਤੀਬਾੜੀ ਧੰਦੇ ‘ਚ ਵਰਤੇ ਜਾਣ ਵਾਲੇ ਸੰਦ (ਟਰੈਕਟਰ ਟਰਾਲੀ ਆਦਿ) ਅਤੇ ਦਵਾਈਆਂ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਤੋਂ ਘੱਟ ਹੋਣ, ਫਸਲ ਪੈਦਾ ਕਰਨ ਤੋਂ ਲੈ ਕੇ ਫਸਲ ਵੇਚਣ ਤੱਕ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ, ਸਿਰ ਚੜੇ ਕਰਜ਼ੇ ਨੂੰ ਸਰਕਾਰਾਂ ਮਿਲ ਕੇ ਖਤਮ ਕਰਨ ਤਾਂ ਹੀ ਕਿਸਾਨ ਵਰਗ ਨੂੰ ਕੁਝ ਸੁਖ ਦਾ ਸਾਹ ਆ ਸਕਦਾ ਹੈ।ਹੁਣ ਤੱਕ ਕਿਸਾਨ ਨੂੰ ਸਿਰਫ਼ ਦੇਸ਼ ਦਾ “ਅੰਨ ਦਾਤਾ“ ਆਖ ਕੇ ਹੀ ਵਡਿਆਇਆ ਜਾਂਦਾ ਰਿਹਾ ਹੈ, ਪਰੰਤੂ ਸੁਹਿਰਦਤਾ ਨਾਲ ਦੁੱਖਦੀ ਨਬਜ਼ ਫੜਨ ਦੀ ਕੋਸ਼ਿਸ ਨਹੀਂ ਕੀਤੀ ਗਈ। ਬਲਜਿੰਦਰ ਕਾਤਰੋਂ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਧੂਰੀ ਹਲਕੇ ਦਾ ਉਮੀਦਵਾਰ ਬਣਾ ਕੇ ਮੇਰਾ ਮਾਣ-ਸਮਾਨ ਵਧਾਇਆ ਹੈ ਅਤੇ ਮੈਂ ਪਾਰਟੀ ਦੇ ਇਸ ਅਹਿਸਾਨ ਦਾ ਮੁੱਲ ਮੋੜਨ ਲਈ ਪਹਿਲਾਂ ਨਾਲੋਂ ਵੀ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਸਖਤ ਮਿਹਨਤ ਕਰਾਂਗਾ।