ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਪ੍ਰਕਿਰਿਆ ਦੌਰਾਨ ਇੱਕ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਈ ਹੈ ਕਿ ਕਾਂਗਰਸ ਵਿੱਚ ਅਜੇ ਵੀ “ਸਭ ਅੱਛਾ” ਨਹੀਂ ਹੈ ।ਇਸ ਪ੍ਰਕਿਰਿਆ ਦੌਰਾਨ ਕਾਂਗਰਸ ਹਾਈ ਕਮਾਂਡ ਦੀ ਪੰਜਾਬ ਇਕਾਈ ਉਪਰ ਢਿੱਲੀ ਪਕੜ ਵੀ ਸਾਹਮਣੇ ਆਈ। ਅਜਿਹਾ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਕਿ ਕਿਸੇ ਰਾਜਨੀਤਕ ਪਾਰਟੀ ਵੱਲੋਂ ਇੱਕੋ ਦਿਨ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਚਾਰ ਆਗੂਆਂ ਦੇ ਨਾਮ ਉਪਰ ਵਿਚਾਰ ਕੀਤਾ ਗਿਆ ਹੋਵੇ ਅਤੇ ਫਿਰ ਚੁਣਿਆ ਉਸ ਨੂੰ ਗਿਆ ਹੋਵੇ ਜਿਸ ਦੇ ਨਾਮ ‘ਤੇ ਵਿਚਾਰ ਵੀ ਨਾ ਕੀਤਾ ਗਿਆ ਹੋਵੇ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਚੋਣ ਲਗਭਗ ਤੈਅ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਧਮਕੀ ਤੋਂ ਬਾਅਦ ਸੁਨੀਲ ਜਾਖੜ ਦੇ ਨਾਮ ‘ਤੇ ਵਿਚਾਰ ਕੀਤਾ ਗਿਆ। ਜਾਖੜ ਦੇ ਨਾਮ ‘ਤੇ ਵੀ ਸਹਿਮਤੀ ਨਾ ਬਣੀ ਤਾਂ ਸ੍ਰੀਮਤੀ ਅੰਬਿਕਾ ਸੋਨੀ ਦਾ ਨਾਮ ਸਾਹਮਣੇ ਆਇਆ ਪ੍ਰੰਤੂ ਸ੍ਰੀਮਤੀ ਅੰਬਿਕਾ ਸੋਨੀ ਨੇ ਸਿਰਫ ਚਾਰ ਮਹੀਨਿਆਂ ਲਈ ਆਪਣੀ ਸਿਆਸੀ ਬਲੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਗੱਲ ਚੱਲੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਵੀ ਪ੍ਰੰਤੂ ਇੱਥੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਫਾਨਾ ਠੋਕ ਦਿੱਤਾ। ਦੱਸਿਆ ਜਾਂਦਾ ਹੈ ਕਿ ਸ੍ਰੀ ਰੰਧਾਵਾ ਦੇ ਨਾਮ ਉਪਰ ਸਹਿਮਤੀ ਲੱਗਭਗ ਬਣ ਚੁੱਕੀ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਹੁਤ ਹੀ ਨੇੜਲੇ ਕੈਬਨਿਟ ਮੰਤਰੀ ਨੇ ਇੰਚਾਰਜ ਹਰੀਸ਼ ਰਾਵਤ ਨੂੰ ਕੁਝ ਵਿਧਾਇਕਾਂ ਦੀ ਸੂਚੀ ਦੇ ਕੇ ਕੰਨ ਵਿੱਚ ਫੂਕ ਮਾਰੀ ਕਿ ਜੇਕਰ ਸ੍ਰੀ ਰੰਧਾਵਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਂਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਇਹ ਵਿਧਾਇਕ ਅਸਤੀਫ਼ਾ ਦੇ ਦੇਣਗੇ।ਜਿਸ ਤੋਂ ਤੁਰੰਤ ਬਾਅਦ ਇੰਚਾਰਜ ਹਰੀਸ਼ ਰਾਵਤ ਨੇ ਸਾਰੀ ਸਥਿਤੀ ਬਾਰੇ ਸ੍ਰੀ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਅਤੇ ਫਿਰ ਸ੍ਰੀ ਰਾਹੁਲ ਗਾਂਧੀ ਨੇ ਇਕ ਪੋਸਟ ਹਰੀਸ਼ ਰਾਵਤ ਦੇ ਮੋਬਾਇਲ ਉੱਪਰ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਭੇਜੀ, ਜਿਸ ਨੂੰ ਹਰੀਸ਼ ਰਾਵਤ ਨੇ ਟਵਿੱਟਰ ਦੇ ਰੂਪ ‘ਚ ਸਾਂਝਾ ਕੀਤਾ।ਕਾਂਗਰਸ ਵੱਲੋਂ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਇਸ ਸਾਰੀ ਪ੍ਰਕਿਰਿਆ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨੇੜਲੇ ਸਾਥੀ ਕੈਬਨਿਟ ਮੰਤਰੀ ਦੀ ਭੂਮਿਕਾ ਨੇ ਨਵਜੋਤ ਸਿੰਘ ਸਿੱਧੂ ਖੇਮੇ ਦੀ ਸਾਰੀ ਗੇਮ ਵਿਗਾੜ ਦਿੱਤੀ ਪ੍ਰੰਤੂ ਇਹ ਗੇਮ ਚਰਨਜੀਤ ਸਿੰਘ ਚੰਨੀ ਦੇ ਰਾਸ ਆ ਗਈ ਅਤੇ ਫਿਰ ਇੰਝ ਸਰਦਾਰ ਚੰਨੀ ਦੇ ਸਿਰ ‘ਤੇ ਮੁੱਖ ਮੰਤਰੀ ਦਾ ਤਾਜ ਸਜਿਆ। ਇਸ ਵੇਲੇ ਪੰਜਾਬ ਕਾਂਗਰਸ ਦੀ ਸਥਿਤੀ ਬਹੁਤੀ ਚੰਗੀ ਨਹੀਂ ਸਗੋਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਕਾਂਗਰਸ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਸੂਬੇ ਦੀਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਔਕੜਾਂ ਰੂਪੀ ਸੱਪ ਨੂੰ ਕਿਵੇਂ ਕੀਲ ਕੇ ਆਪਣੀ ਕਾਬਲੀਅਤ ਦੀ ਪਟਾਰੀ ਵਿੱਚ ਪਾਉਂਦੇ ਹਨ।