ਚੰਡੀਗੜ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ‘ਮੇਰੀ ਸਰਕਾਰ ਸਹੀ ਮੁਆਇਨਿਆਂ ਵਿੱਚ ਆਮ ਆਦਮੀ ਦੀ ਸਰਕਾਰ ਹੋਵੇਗੀ’। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਦੋਹੇ ਦਾ ਗਾਇਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗਰੀਬਾਂ ਨੂੰ ਨਿਵਾਜਣ ਦੇ ਸੰਦਰਭ ਵਿੱਚ ਕਾਂਗਰਸ ਪਾਰਟੀ ਦੀ ਗਰੀਬਾਂ ਪ੍ਰਤੀ ਸੋਚ ਦਾ ਜ਼ਿਕਰ ਕੀਤਾ। ਉਨਾਂ ਕਿਹਾ ਕਿ ‘‘ਮੈਂ ਗਰੀਬ ਦਾ ਨੁਮਾਇੰਦਾ ਹਾਂ,ਕਿਸਾਨਾਂ ਮਜ਼ਦੂਰਾਂ ਦਾ ਨੁਮਾਇੰਦਾ ਹਾਂ, ਛੋਟੇ ਦੁਕਾਨਦਾਰਾਂ/ਵਪਾਰੀਆਂ ਦਾ ਨੁਮਾਇੰਦਾ ਹਾਂ, ਪ੍ਰੰਤੂ ਮੈਂ ਅਮੀਰਾਂ ਦਾ ਨੁਮਾਇੰਦਾ ਨਹੀਂ ਹਾਂ’’। ਇਸ ਕਾਨਫਰੰਸ ਦੇ ਸ਼ੁਰੂਆਤੀ ਦੌਰ ’ਚ ਮੁੱਖ ਮੰਤਰੀ ਆਪਣੇ ਪਰਿਵਾਰ ਦੇ ਗੁਰਬਤ ਭਰੇ ਮੁੱਢਲੇ ਦੌਰ ਨੂੰ ਯਾਦ ਕਰਕੇ ਕਈ ਵਾਰ ਭਾਵੁਕ ਵੀ ਹੋਏ ਅਤੇ ਉਨਾਂ ਦੇ ਨਾਲ ਬੈਠੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ੍ਰ. ਚੰਨੀ ਨੂੰ ਦਿਲਾਸਾ ਵੀ ਦਿੰਦੇ ਦੇਖੇ ਗਏ। ਸ੍ਰ. ਚੰਨੀ ਨੇ ਸਬੂੇ ਦੇ ਹੜਤਾਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਹੜਤਾਲ ਖ਼ਤਮ ਕਰਕੇ ਵਾਪਸ ਕੰਮ ’ਤੇ ਆਉਣ , ਉਨਾਂ ਨੂੰ ਥੋੜਾ ਸਮਾਂ ਦੇਣ, ਸਭ ਦੇ ਮਸਲੇ ਹੱਲ ਹੋਣਗੇ ਅਤੇ ਸਾਰੇ ਕੱਚੇ ਮੁਲਾਜ਼ਮ ਪੱਕੇ ਹੋਣਗੇ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲੜੇ ਜਾ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।
ਆਰਥਿਕ ਤੌਰ ’ਤੇ ਪਛੜੇ ਲੋਕਾਂ ਲਈ ਮਹੱਤਵਪੂਰਨ ਐਲਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜੇ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਕੁਨੈਕਸ਼ਨ ਕੱਟੇ ਗਏ ਹਨ, ਉਨਾਂ ਸਾਰਿਆਂ ਦੇ ਬਕਾਇਆ ਬਿੱਲ ਮੁਆਫ਼ ਕਰਕੇ ਸਾਰਾ ਹਿਸਾਬ-ਕਿਤਾਬ ਬਰਾਬਰ ਕਰਕੇ ਸਾਰੇ ਕੁਨੈਕਸ਼ਨ ਦੁਬਾਰਾ ਜੋੜੇ ਜਾਣਗੇ ਅਤੇ ਪਾਣੀ ਦੀ ਸਹੂਲਤ ਵੀ ਮੁਫਤ ਦਿੱਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ ਵਿਚਾਰਧਾਰਾ ਅਨੁਸਾਰ ਕੰਮ ਕਰੇਗੀ। ਸਾਰਾ ਕੁਝ ਸੰਵਿਧਾਨ ਦੇ ਦਾਇਰੇ ਅੰਦਰ ਹੀ ਹੋਵੇਗਾ। ਕਾਂਗਰਸ ਪਾਰਟੀ ਦਾ 18 ਨੁਕਾਤੀ ਏਜੰਡਾ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰਾ ਕਰਾਂਗੇ। ਬਰਗਾੜੀ ਬੇਅਦਬੀ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਸਾਰੇ ਲਟਕਦੇ ਮਸਲਿਆਂ ਦਾ ਇਨਸਾਫ਼ ਹੋਵੇਗਾ। ਉਨਾਂ ਕਿਹਾ ਕਿ ਸੈਕਟਰੀਏਟ ਸਮੇਤ ਸੂਬੇ ਦੇ ਸਾਰੇ ਦਫਤਰਾਂ ’ਚ ਆਮ ਲੋਕਾਂ ਦੀ ਗੱਲ ਸੁਣੀ ਜਾਵੇਗੀ। ਹੁਣ ਥਾਣਿਆਂ ’ਚ ਬੇਕਸੂਰਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਹੱਲ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਸੈਕਟਰੀਏਟ ਸਮੇਤ ਸੂਬੇ ਦੇ ਸਾਰੇ ਦਫ਼ਤਰਾਂ ’ਚ ਸਾਰੇ ਅਫ਼ਸਰ ਅਤੇ ਮੁਲਾਜ਼ਮ ਮਿਥੇ ਸਮੇਂ ਅਨੁਸਾਰ ਲੋਕਾਂ ਨੂੰ ਹਾਜ਼ਰ ਮਿਲਣਗੇ। ਮਾਲ ਵਿਭਾਗ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਤਹਿਸੀਲਾਂ ਵਿੱਚ ਸਹੀ ਕੰਮ ਹੋਵੇਗਾ। ਉਨਾਂ ਕਿਹਾ ਕਿ ਸੂਬੇ ’ਚ ਏਕਤਾ-ਆਖੰਡਤਾ ਹਰ ਹਾਲਤ ਵਿੱਚ ਕਾਇਮ ਰੱਖੀ ਜਾਵੇਗੀ ਅਤੇ ਭਾਈਚਾਰਕ ਸਾਂਝ ਵਧੇਗੀ। ਭਾਵੁਕ ਹੁੰਦੇ ਹੋਏ ਸ੍ਰ. ਚੰਨੀ ਨੇ ਕਿਹਾ ਕਿ ਉਨਾਂ ਨੇ ਸ਼ੁਰੂ ਤੋਂ ਹੀ ਇੰਮਾਨਦਾਰੀ ਲੜ ਬੰਨ ਕੇ ਰੱਖੀ ਹੋਈ ਹੈ ਤੇ ਹੁਣ ਉਨਾਂ ਦੀ ਇੰਮਾਨਦਾਰੀ ਪੰਜਾਬ ਸਰਕਾਰ ਵਿੱਚੋਂ ਦਿਸੇਗੀ। ਉਨਾਂ ਕਿਹਾ ਕਿ ‘ਮੇਰਾ ਬਿਸਤਰਾ ਮੇਰੀ ਗੱਡੀ ਵਿੱਚ ਹੀ ਲੱਗਿਆ ਹੋਇਆ ਹੈ, ਮੈਂ ਪੰਜਾਬ ਦੇ ਹਰ ਘਰ ਤੱਕ ਪਹੁੰਚ ਕਰਾਂਗਾ’। ਮੁੱਖ ਮੰਤਰੀ ਚੰਨੀ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਉੱਥੇ ਸ੍ਰੀ ਰਾਹੁਲ ਗਾਂਧੀ ਨੂੰ ਇੱਕ ਕ੍ਰਾਂਤੀਕਾਰੀ ਨੇਤਾ ਦੱਸਿਆ। ਉਨਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਭਵਨ ਸਾਡਾ ਮੰਦਰ ਹੈ, ਜਿੱਥੇ ਹਰ ਕਾਂਗਰਸ ਵਰਕਰ ਦੀ ਸੁਣਵਾਈ ਹੋਵੇਗੀ। ਪੱਤਰਕਾਰਾਂ ਲਈ ਸਵਾਲਾਂ ਦੇ ਜਵਾਬ ਸੰਬੰਧੀ ਮੁੱਖ ਮੰਤਰੀ ਨੇ ਕਿਹਾ ਕਿ ‘ਅੱਜ ਮੇਰਾ ਪਹਿਲਾਂ ਦਿਨ ਹੈ, ਮੈਂ ਤੁਹਾਡੇ ਰੂ-ਬ-ਰੂ ਹੁੰਦਾ ਹੀ ਰਹਾਂਗਾ, ਇਸ ਲਈ ਸਵਾਲ ਜਵਾਬ ਅਗਲੀ ਵਾਰ ਕਰ ਲਵਾਂਗੇ।