ਚੰਡੀਗੜ – ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਭਗਵੰਤ ਮਾਨ ਦੇ ਚਾਹੁਣ ਵਾਲੇ ਵਲੰਟੀਅਰ ਪਾਰਟੀ ਹਾਈਕਮਾਂਡ ਨੂੰ ਅਪੀਲਾਂ ਦਰ ਅਪੀਲਾਂ ਕਰ ਰਹੇ ਹਨ ਕਿ ਭਗਵੰਤ ਮਾਨ ਨੂੰ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਪ੍ਰੰਤੂ ਦੂਜੇ ਪਾਸੇ ਖੁਦ ਭਗਵੰਤ ਮਾਨ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਉਹ ਕਿਸੇ ਆਹੁਦੇ ਦੀ ਦੌੜ ਵਿੱਚ ਨਹੀਂ ਹਨ ਅਤੇ ਨਾ ਹੀ ਉਨਾਂ ਨੂੰ ਕੋਈ ਲਾਲਚ ਹੈ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਲਿੱਪ ਪਾ ਕੇ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਰੈਲੀਆ ਨੂੰ ਕਾਮਯਾਬ ਕਰਨ ਲਈ ਸੂਬੇ ’ਚ ਜਲਦੀ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਭਗਵੰਤ ਮਾਨ ਦੇ ਇਸ ਬਿਆਨ ਤੋਂ ਵਲੰਟੀਅਰਾਂ ਨੂੰ ਯਕੀਨਨ ਨਿਰਾਸ਼ਤਾ ਹੋਈ ਹੋਵੇਗੀ ਕਿਉਂਕਿ ਇਨਾਂ ਵਲੰਟੀਅਰਾਂ ਨੇ ਪ੍ਰਭਾਵਸ਼ਾਲੀ ਇਕੱਠ ਕਰਕੇ ਪਾਰਟੀ ਹਾਈਕਮਾਂਡ ਨੂੰ ਧਮਕੀਆਂ ਤੱਕ ਵੀ ਦੇ ਦਿੱਤੀਆਂ ਸਨ ਕਿ ਜੇਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਗਿਆ ਤਾਂ ਆਗਾਮੀ ਚੋਣਾਂ ’ਚ ਪਾਰਟੀ ਲਈ ਕੰਮ ਨਹੀਂ ਕਰਾਂਗੇ। ਭਗਵੰਤ ਮਾਨ ਵੱਲੋਂ ਅਚਾਨਕ ਲਏ ਇਸ ਫ਼ੈਸਲੇ ’ਤੇ ਰਾਜਨੀਤਕ ਹਲਕਿਆਂ ’ਚ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਖ਼ੁਦ ਭਗਵੰਤ ਮਾਨ ਨੇ ਹੀ ਆਪਣੇ ਕੁਝ ਖਾਸਮ-ਖਾਸ ਆਗੂਆਂ ਨੂੰ ਕਹਿ ਕੇ ਆਪਣੇ ਹੱਕ ਵਿੱਚ ਵਲੰਟੀਅਰਾਂ ਦੀਆਂ ਮੀਟਿੰਗਾਂ ਕਰਵਾਈਆਂ ਸਨ।