ਚੰਡੀਗੜ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਬਤੌਰ ਮੁੱਖ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਵੱਲੋਂ ਦਿੱਤੇ ਬਿਆਨ ਉੱਪਰ ਸਖ਼ਤ ਟਿੱਪਣੀ ਕੀਤੀ ਹੈ। ਦੱਸਣਯੋਗ ਹੈ ਕਿ ਹਰੀਸ਼ ਰਾਵਤ ਨੇ ਚੰਨੀ ਦੇ ਆਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕਿਹਾ ਸੀ ਕਿ ਅਗਲੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ। ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੀ ਇਸ ਟਿੱਪਣੀ ਨੂੰ ਬੇਤੁਕੀ ਗੱਲ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਹੁੰ ਚੁੱਕਣ ਵਾਲੇ ਦਿਨ ਇਸ ਤਰਾਂ ਦੀਆਂ ਗੱਲਾਂ ਰਾਵਤ ਵੱਲੋਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਉਨਾਂ ਕਿਹਾ ਕਿ ਹਰੀਸ਼ ਰਾਵਤ ਦੀ ਇਹ ਟਿੱਪਣੀ ਮੁੱਖ ਮੰਤਰੀ ਦੀ ਤਾਕਤ ਨੂੰ ਘਟਾ ਕੇ ਪੇਸ਼ ਕਰਨ ਵਾਲੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਖਿੱਚੋਤਾਣ ’ ਭਾਵੇਂ ਸੁਨੀਲ ਜਾਖੜ ਸਿੱਧੂ ਵੱਲ ਡੱਟ ਕੇ ਖੜੇ ਸਨ ਪ੍ਰੰਤੂ ਹੁਣ ਸਿੱਧੂ ਦੀ ਅਗਵਾਈ ’ਚ ਚੋਣਾਂ ਲੜਨ ਸੰਬੰਧੀ ਸੂਬਾ ਇੰਚਾਰਜ ਵੱਲੋਂ ਦਿੱਤੇ ਬਿਆਨ ਉੱਪਰ ਸੁਨੀਲ ਜਾਖੜ ਦੀ ਟਿੱਪਣੀ ਨੂੰ ਮੁੱਖ ਮੰਤਰੀ ਨਾ ਬਣ ਸਕਣ ਦੀ ਚੀਸ ਮੰਨਿਆ ਜਾ ਸਕਦਾ ਹੈ ਕਿਉਂਕਿ ਸ੍ਰੀ ਜਾਖੜ ਦਾ ਨਾਮ ਮੁੱਖ ਮੰਤਰੀ ਲਈ ਸਾਹਮਣੇ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਦਾਅਵਾ ਠੋਕ ਦਿੱਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਗੇਮ ਜਾਖੜ ਦੇ ਘਰਂੋ ਨਿਕਲ ਕੇ ਸ੍ਰੀਮਤੀ ਅੰਬਿਕਾ ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੁੰਦੀ ਹੋਈ ਚਰਨਜੀਤ ਸਿੰਘ ਚੰਨੀ ਦੇ ਘਰ ਜਾ ਪੁੱਜੀ।