ਚੰਡੀਗੜ – ਪਾਰਟੀ ਪਲੇਟਫਾਰਮ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਰੇ ਖ਼ਾਨੇ ਚਿੱਤ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਪ੍ਰਸ਼ਾਸਨਿਕ ਖੇਤਰ ਵਿੱਚ ਵੀ ਕੈਪਟਨ ਪੱਖੀ ਅਫ਼ਸਰਾਂ ਅਤੇ ਸੰਵਿਧਾਨ ਆਹੁਦਿਆਂ ’ਤੇ ਕੈਪਟਨ ਵੱਲੋਂ ਲਗਾਏ ਆਗੂਆਂ ਨੂੰ ਬਦਲਣ ਦੀ ਪ੍ਰਿਆ ਸ਼ੁਰੂ ਕਰ ਦਿੱਤੀ ਹੈ । ਇਸੇ ਲੜੀ ਤਹਿਤ ਨਗਰ ਸਧਾਰ ਟਰੱਸਟ ਅੰਮਿ੍ਰਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਦਮਨਦੀਪ ਸਿੰਘ ਉੱਪਲ ਨੂੰ ਨਵਾਂ ਚੇਅਰਮੈਨ ਲਗਾਇਆ ਗਿਆ ਹੈ। ਦਿਨੇਸ਼ ਬੱਸੀ ਕੈਪਟਨ ਦੇ ਨਜ਼ਦੀਕੀ ਹਨ ਅਤੇ ਦਮਨਦੀਪ ਸਿੰਘ ਉੱਪਲ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ। ਇਸ ਤੋਂ ਇਲਾਵਾ ਅੰਮਿ੍ਰਤਸਰ ,ਜਲੰਧਰ, ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਦੀ ਅਦਲਾ-ਬਦਲੀ ਵੀ ਕੀਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਕਸ਼ਨ ਮੋਡ ਤੋਂ ਲੱਗਦਾ ਹੈ ਕਿ ਇਸੇ ਹਫ਼ਤੇ ਦੇ ਅਖੀਰ ਤੱਕ ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਵੇਗਾ ਅਤੇ ਇਸ ਫੇਰਬਦਲ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਹਿਮ ਭੂਮਿਕਾ ਹੋਵੇਗੀ। ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਨੀਤੀ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਸਿੱਧੂ, ਕੈਪਟਨ ਅਮਰਿੰਦਰ ਸਿੰਘ ਦੇ ਖ਼ੇਮੇ ਦੇ ਕਾਂਗਰਸੀ ਆਗੂੁਆਂ ਅਤੇ ਅਫ਼ਸਰਾਂ ਤੱਕ ਨੂੰ ਵੀ ਖੁੱਡੇ ਲਾਈਨ ਲਗਾਉਣਾ ਚਾਹੁੰਦੇ ਹਨ। ਕਾਂਗਰਸ ਪਾਰਟੀ ਪਲੇਟਫਾਰਮ ’ਤੇ ਕੈਪਟਨ ਅਤੇ ਸਿੱਧੂ ਵਿਚਕਾਰ ਅੰਦਰੂਨੀ ਜੰਗ ਕਈ ਮਹੀਨਿਆਂ ਤੋਂ ਜਾਰੀ ਹੈ, ਫ਼ਰਕ ਸਿਰਫ ਐਨਾ ਪਿਆ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬੱਲੇਬਾਜ਼ੀ ਪੁਆਇੰਟ ਉੱਪਰ ਸਨ ਅਤੇ ਨਵਜੋਤ ਸਿੰਘ ਗ਼ੇਦਬਾਜ਼ੀ ਪੁਆਇੰਟ ਤੋਂ ਬਾਊਂਸਰ ਮਾਰ ਰਹੇ ਸਨ, ਜਦਕਿ ਹੁਣ ਨਵਜੋਤ ਸਿੰਘ ਸਿੱਧੂ ਬੱਲੇਬਾਜ਼ੀ ਪੁਆਇੰਟ ’ਤੇ ਹਨ, ਕੈਪਟਨ ਅਮਰਿੰਦਰ ਸਿੰਘ ਗ਼ੇਦਬਾਜ਼ੀ ਦੀ ਤਿਆਰੀ ਵਿੱਚ ਹਨ ।