ਚੰਡੀਗੜ- ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਲਾ ਕੇ ਮੁੜੇ ਕਾਂਗਰਸੀ ਆਗੂ ਸੁਨੀਲ ਜਾਖੜ ਦਾ ਸਿਆਸੀ ਦਰਦ ਅਜੇ ਵੀ ਠੀਕ ਨਹੀਂ ਹੋਇਆ। ਸੁਨੀਲ ਜਾਖੜ ਨੇ ਆਪਣੇ ਤਾਜ਼ਾ ਬਿਆਨ ’ਚ ਕਾਂਗਰਸ ਦੀ ਸੀਨੀਅਰ ਮਹਿਲਾ ਆਗੂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਹੈ । ਜਾਖੜ ਨੇ ਕਿਹਾ ਕਿ ਇਸ ਆਗੂ ਨੇ ਕਾਂਗਰਸ ਦੇ ਧਰਮ ਨਿਰਪੱਖ ਸਰੂਪ ਨੂੰ ਢਾਹ ਲਾਈ ਹੈ, ਇਸ ਸੀਨੀਅਰ ਆਗੂ ਨੂੰ ਤੁਰੰਤ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਕਿਉਂਕਿ ਜਿਸ ਦਿਨ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ਲਈ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਜੁੜ ਕੇ ਬੈਠੇ ਸਨ ਤਾਂ ਇਸ ਸੀਨੀਅਰ ਆਗੂ ਨੇ ਇੱਕ ਜਨਤਕ ਬਿਆਨ ਦੇ ਕੇ ਕਾਂਗਰਸ ਪਾਰਟੀ ਦੀ ਧਰਮ ਨਿਰਪੱਖਤਾ ਵਾਲੀ ਮੂਲ ਸੋਚ ਨੂੰ ਪਲੀਤ ਕੀਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕੁਝ ਹਲਕੀ ਸੋਚ ਦੇ ਮਾਲਕ ਆਗੂ ਕਾਂਗਰਸ ਵਿੱਚ ਉੱਚੇ ਰੁਤਬੇ ’ਤੇ ਬੈਠੇ ਹਨ, ਜਿਨਾਂ ਦੀ ਪਾਰਟੀ ਹਾਈਕਮਾਂਡ ਤੱਕ ਸਿੱਧੀ ਪਹੁੰਚ ਹੈ। ਸ੍ਰੀ ਜਾਖੜ ਨੇ ਆਪਣੇ ਬਿਆਨ ’ਚ ਭਾਵੇਂ ਕਿਸੇ ਆਗੂ ਦਾ ਨਾਮ ਨਹੀਂ ਲਿਆ ਪ੍ਰੰਤੂ ਇਹ ਸਪੱਸ਼ਟ ਹੈ ਕਿ ਜਾਖੜ ਨੇ ਸੀਨੀਅਰ ਕਾਂਗਰਸੀ ਮਹਿਲਾ ਆਗੂ ਸ੍ਰੀਮਤੀ ਅੰਬਿਕਾ ਸੋਨੀ ਖ਼ਿਲਾਫ਼ ਹੀ ਆਪਣੀ ਭੜਾਸ ਕੱਢੀ ਹੈ ਕਿਉਂਕਿ ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਵਿਧਾਇਕ ਦਲ ਦਾ ਨੇਤਾ ਚੁਣਨ ਦੀ ਪ੍ਰਿਆ ਦੌਰਾਨ ਸ੍ਰੀਮਤੀ ਅੰਬਿਕਾ ਸੋਨੀ ਦੀ ਭੂਮਿਕਾ ਸਭ ਦੇ ਸਾਹਮਣੇ ਹੈ।