ਚੰਡੀਗੜ੍ਹ 23 ਸਤੰਬਰ (ਨਿਰਮਲ ਸਿੰਘ ਪੰਡੋਰੀ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਸੂਬੇ ਦੀ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੂੰ ਜਾਤੀ ਆਧਾਰਤ ਨਾਵਾਂ ਵਾਲੇ ਪਿੰਡਾਂ, ਮੁਹੱਲਿਆਂ, ਕਸਬਿਆਂ, ਸਕੂਲਾਂ ਅਤੇ ਹੋਰ ਸੰਸਥਾਵਾਂ ਦੇ ਨਾਮ ਬਦਲਣ ਸਬੰਧੀ ਇਕ ਪੱਤਰ ਲਿਖਿਆ ਹੈ ਤਾਂ ਜੋ ਅਜਿਹੇ ਪਿੰਡਾਂ, ਸ਼ਹਿਰਾਂ, ਕਸਬਿਆਂ, ਸਕੂਲਾਂ ਦਾ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਇਹ ਪੱਤਰ ਮਿਲਣ ਤੋਂ ਬਾਅਦ ਸੂਬੇ ਦੀ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਦੇ ਕਮਿਸ਼ਨਰ ਅਤੇ ਏਡੀਸੀਜ਼ ਨੂੰ ਪੱਤਰ ਲਿਖ ਕੇ ਅਜਿਹੇ ਪਿੰਡਾਂ, ਵਿੱਦਿਅਕ ਸੰਸਥਾਵਾਂ, ਮੁਹੱਲਿਆਂ/ ਕਸਬਿਆਂ, ਧਰਮਸ਼ਾਲਾਵਾਂ ਦੀ ਸੂਚੀ ਮੰਗੀ ਹੈ ਜਿਨ੍ਹਾਂ ਦੇ ਨਾਮ ਜਾਤੀ ਆਧਾਰਤ, ਜਿਵੇਂ ਚੂਹੜਮਾਜਰਾ, ਚਮਾਰਹੇੜੀ, ਹਰੀਜਨ ਧਰਮਸ਼ਾਲਾ, ਹਰੀਜਨ ਮੁਹੱਲਾ, ਬਾਜ਼ੀਗਰ ਬਸਤੀ ਆਦਿ ਰੱਖੇ ਹੋਏ ਹਨ। ਸੂਤਰਾਂ ਅਨੁਸਾਰ ਜਲਦੀ ਸਾਰੇ ਜਾਤੀਸੂਚਕ ਨਾਵਾਂ ਵਾਲੇ ਪਿੰਡਾ,ਸ਼ਹਿਰਾਂ, ਕਸਬਿਆਂ, ਸਕੂਲਾਂ ਮੁਹੱਲਿਆਂ, ਦੇ ਨਾਮ ਬਦਲ ਦਿੱਤੇ ਜਾਣਗੇ।