ਚੰਡੀਗੜ- ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਲਈ ਆਪਣੇ ਮੰਤਰੀ ਮੰਡਲ ਦਾ ਗਠਨ ਕਰਨਾ ਐਵਰੇਸਟ ਦੀ ਚੋਟੀ ’ਤੇ ਚੜਨ ਬਰਾਬਰ ਬਣਿਆ ਹੋਇਆ ਹੈ। ਮੁੱਖ ਮੰਤਰੀ ਵੀਰਵਾਰ ਦੀ ਰਾਤ ਸਵੇਰੇ 4 ਵਜੇ ਤੱਕ ਰਾਹੁਲ ਗਾਂਧੀ, ਪਿ੍ਅੰਕਾ ਗਾਂਧੀ ਨਾਲ ਮੰਤਰੀ ਮੰਡਲ ਸੰਬੰਧੀ ਵਿਚਾਰ ਕਰਕੇ ਸ਼ੁੱਕਰਵਾਰ ਸਵੇਰੇ ਪੰਜਾਬ ਪੁੱਜੇ ਸਨ ਪਰ ਦੁਪਹਿਰ ਤੱਕ ਦਿੱਲੀ ਤੋਂ ਮੁੱਖ ਮੰਤਰੀ ਚੰਨੀ ਨੂੰ ਫਿਰ ਸੁਨੇਹਾ ਆ ਗਿਆ ਕਿ ਮੰਤਰੀ ਮੰਡਲ ਦੀ ਸੁਚੀ ਸੰਬਧੀ ਵਿਚਾਰ ਕਰਨ ਲਈ ਰਾਹੁਲ ਗਾਂਧੀ ਨੇ ਬੁਲਾਇਆ ਹੈ। 24 ਘੰਟਿਆਂ ਦੇ ਵਿੱਚ ਪੰਜਾਬ ਤੋਂ ਦਿੱਲੀ ਦੀ ਵਾਪਸੀ ਤੋਂ ਸਪੱਸ਼ਟ ਹੈ ਕਿ ਮੰਤਰੀ ਮੰਡਲ ਦੇ ਗਠਨ ਸੰਬੰਧੀ ਕੋਈ ਕਸੂਤਾ ਪੇਚ ਫਸਿਆ ਹੋਇਆ ਹੈ। ਦੱਸਣਯੋਗ ਹੈ ਕਿ ਸ੍ਰੀ ਸੁਨੀਲ ਜਾਖੜ ਵੀ ਦਿੱਲੀ ਵਿਖੇ ਹੀ ਹਨ ਜੋ ਮੁੱਖ ਮੰਤਰੀ ਚੰਨੀ ਤੋਂ ਬਾਅਦ ਹਾਈਕਮਾਂਡ ਨੂੰ ਮਿਲੇ। ਚਰਚਾ ਹੈ ਕਿ ਸੁਨੀਲ ਜਾਖੜ ਨੇ ਹੀ ਹਾਈਕਮਾਂਡ ਦੇ ਕੰਨ ’ਚ ਕੋਈ ਫੂਕ ਮਾਰੀ ਹੋਵੇਗੀ ਕਿਉਂਕਿ ਮੁੱਖ ਮੰਤਰੀ ਚੰਨੀ ਰਾਤ ਭਰ ਦੀ ਮੀਟਿੰਗ ਤੋਂ ਬਾਅਦ ਮੰਤਰੀ ਮੰਡਲ ਦੀ ਫਾਈਨਲ ਸੂਚੀ ਲੈ ਕੇ ਪੰਜਾਬ ਪਰਤੇ ਸਨ ਜਿਹੜੀ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤੀ ਜਾਣੀ ਸੀ ਪ੍ਰੰਤੂ ਮੁੱਖ ਮੰਤਰੀ ਨੂੰ ਹਾਈਕਮਾਂਡ ਦਾ ਅਚਾਨਕ ਬੁਲਾਵਾ ਆ ਜਾਣਾ ਦਰਸਾਉਦਾ ਹੈ ਕਿ ਦਿੱਲੀ ਬੈਠੇ ਪੰਜਾਬ ਕਾਂਗਰਸ ਦੇ ਕੈਪਟਨ ਪੱਖੀ ਸੀਨੀਅਰ ਆਗੂਆਂ ਨੇ ਕੋਈ ਗੇਮ ਖੇਡੀ ਹੋਵੇਗੀ ।