ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਐਲਾਨ ਹੋ ਗਿਆ ਹੈ। ਨਵੀਂ ਕੈਬਨਿਟ ਵਿੱਚ 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ, ਜਿਨਾਂ ਵਿੱਚ ਡਾ. ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ ਅਤੇ ਰਾਣਾ ਗੁਰਜੀਤ ਸਿੰਘ ਨੂੰ ਝੰਡੀ ਵਾਲੀਆਂ ਕਾਰਾਂ ਮਿਲਣਗੀਆਂ। ਕੈਬਨਿਟ ਵਿੱਚ ਸ਼ਾਮਲ ਕੀਤੇ ਗਏ ਨਵੇ 7 ਵਿਧਾਇਕਾਂ ’ਚੋ ਰਾਜਾ ਵੜਿੰਗ , ਪ੍ਰਗਟ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ, ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ, ਜਦ ਕਿ ਰਾਜ ਕੁਮਾਰ ਵੇਰਕਾ ,ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਸਿੰਘ ਕੋਟਲੀ ਅਤੇ ਰਾਣਾ ਗੁਰਜੀਤ ਸਿੰਘ ਸੋਢੀ ਕਾਂਗਰਸ ਹਾਈਕਮਾਂਡ ਦੀ ਪਸੰਦ ਦੱਸੇ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕਾਂਗਰਸ ਲਈ ਅਲੋਚਨਾ ਦਾ ਕਾਰਨ ਬਣ ਰਹੇ ਸਾਧੂ ਸਿੰਘ ਧਰਮਸੋਤ,ਬਲਵੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ’ਚੋ ਬਾਹਰ ਕੱਢ ਦਿੱਤਾ ਗਿਆ ਹੈ। ਪੁਰਾਣੀ ਕੈਬਨਿਟ ਦੇ ਜਿਨਾਂ ਮੰਤਰੀਆਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਹੈ ਉਨਾਂ ’ਚੋਂ ਬ੍ਰਹਮ ਮਹਿੰਦਰਾ ਸਿੱਧੇ ਤੌਰ ’ਤੇ ਕੈਪਟਨ ਦੇ ਨਜ਼ਦੀਕੀ ਹਨ ਜਦਕਿ ਮਨਪ੍ਰੀਤ ਸਿੰਘ ਬਾਦਲ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ , ਰਜੀਆ ਸੁਲਤਾਨਾ, ਵਿਜੇਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸੂ ਨੂੰ ਮੁੱਖ ਮੰਤਰੀ ਚੰਨੀ ਦੀ ਸਿਫ਼ਾਰਸ਼ ’ਤੇ ਰੱਖਿਆ ਗਿਆ ਹੈ। ਨਵੀਂ ਕੈਬਨਿਟ ਵਿੱਚ ਕਾਂਗਰਸੀ ਦੀ ਅੰਦਰੂਨੀ ਧੜੇਬੰਦੀ ਨੂੰ ਧਿਆਨ ’ਚ ਰੱਖਦੇ ਹੋਏ ਸਮਾਜ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਚਰਚਾ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਬਣੇ ਰਹਿਣਗੇ ਜਦਕਿ ਪ੍ਰਗਟ ਸਿੰਘ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ। ਪੁਰਾਣੀ ਕੈਬਨਿਟ ਦੇ ਮੰਤਰੀਆਂ ਦੇ ਵਿਭਾਗਾਂ ’ਚ ਬਹੁਤੀ ਫੇਰਬਦਲ ਦੀ ਸੰਭਾਵਨਾ ਨਹੀਂ ਜਾਪਦੀ ਕਿਉਂਕਿ ਸਰਕਾਰ ਕੋਲ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਕੰਮ ਕਰਨ ਲਈ ਸਮਾਂ ਜ਼ਿਆਦਾ ਨਹੀਂ ਹੈ, ਇਸ ਲਈ ਮੁੱਖ ਮੰਤਰੀ ਚੰਨੀ ਮੰਤਰੀਆਂ ਨੂੰ ਬਦਲਣ ਦੀ ਬਜਾਏ ਅਫ਼ਸਰਸ਼ਾਹੀ ਨੂੰ ਬਦਲਣ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਪੰਜਾਬ ਦੀ ਨਵੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਐਤਵਾਰ ਸਾਢੇ ਚਾਰ ਵਜੇ ਹੋਵੇਗਾ।