ਬਰਨਾਲਾ, 25 ਸਤੰਬਰ (ਨਿਰਮਲ ਸਿੰਘ ਪੋਡੋਰੀ) : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਅੰਦੋਲਨ ਤਹਿਤ 27 ਸਤੰਬਰ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ, ਜਿਸ ਦੌਰਾਨ ਸਿਰਫ਼ ਐਮਰਜੈਂਸੀ ਮੈਡੀਕਲ ਸੇਵਾਵਾਂ ਤੋਂ ਬਿਨਾਂ ਸਾਰੇ ਕਾਰੋਬਾਰ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਜ਼ਿਲਾ ਪ੍ਰਧਾਨ ਭਾਜਪਾ ਯਾਦਵਿੰਦਰ ਸ਼ੰਟੀ ਦੀ ਰਿਹਾਇਸ ਅੱਗੇ ਬੀਕੇਯੂ ਉਗਰਾਹਾਂ ਵੱਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਮੁੱਚੇ ਦੇਸ਼ ਦੀ ਖੇਤੀਬਾੜੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਲਈ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਪਰ ਮੋਦੀ ਸਰਕਾਰ ਦੀਆਂ ਖੇਤੀ ਵਿਰੋਧੀ ਨੀਤੀਆਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਹ ਕਾਲੇ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਛੋਟੇ ਵਪਾਰੀਆਂ, ਆੜਤੀਆਂ, ਛੋਟੇ ਬਾਗ਼ਬਾਨਾਂ, ਟਰਾਸਪੋਰਟਰਾਂ ਸਮੇਤ ਹੋਰ ਨਿੱਕੇ-ਨਿੱਕੇ ਕਾਰੋਬਾਰੀਆਂ ਲਈ ਮਾਰੂ ਕਾਨੂੰਨ ਹਨ। ਇਸ ਲਈ 27 ਸਤੰਬਰ ਦੇ ਭਾਰਤ ਬੰਦ ਵਿੱਚ ਇਹ ਸਾਰੇ ਵਰਗ ਇੱਕਜੁਟਤਾ ਨਾਲ ਹਿੱਸਾ ਲੈ ਕੇ ਮੋਦੀ ਸਰਕਾਰ ਦਾ ਤਖਤ ਹਿਲਾਉਣਗੇ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਭੋਤਨਾ, ਬਲਦੇਵ ਸਿੰਘ ਦਰਾਜ, ਜਗਤਾਰ ਸਿੰਘ ਢਿੱਲਾਂਾ, ਜਗਜੀਤ ਸਿੰਘ ਭੋਤਨਾ, ਗੁਰਜੰਟ ਸਿੰਘ ਈਸਰਵਾਲਾ, ਹਰਬੰਸ ਕੌਰ ਭੋਤਨਾ, ਗੁਰਮੀਤ ਕੌਰ ਭੋਤਨਾ ਆਦਿ ਨੇ ਵੀ ਸੰਬੋਧਨ ਕੀਤਾ।