ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤੀ ਡੀਸੀ ਅਤੇ ਐਸਐਸਪੀ ਨਾਲ ਕੀਤੀ ਮੀਟਿੰਗ ,ਗਾਂਧੀ ਜਯੰਤੀ ’ਤੇ ਹੋਵੇਗੀ ਸ਼ੁਰੂਆਤ
ਬਰਨਾਲਾ, 25 ਸਤੰਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ‘ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਅਧੀਨ ਗਾਂਧੀ ਜਯੰਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 7 ਰੋਜ਼ਾ ‘ਪਲਾਸਟਿਕ ਮੁਕਤ ਬਰਨਾਲਾ’ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ 14 ਨਵੰਬਰ ਤੱਕ ਰੋਜ਼ਾਨਾ ਪੱਧਰ ’ਤੇ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ, ਜਿਸ ਵਿਚ ਨਸ਼ਿਆਂ ਖ਼ਿਲਾਫ਼ ਸੈਮੀਨਾਰ, ਨੁੱਕੜ ਨਾਟਕ, ਔਰਤਾਂ, ਬੱਚਿਆਂ ਤੇ ਹੋਰ ਵਰਗਾਂ ਦੇ ਫਰਜ਼ਾਂ ਅਤੇ ਅਧਿਕਾਰਾਂ ਬਾਰੇ ਜਾਗਰੂਕਤਾ ਪ੍ਰੋਗਰਾਮ, ਪਾਣੀ ਬਚਾਉਣ ਦਾ ਸੁਨੇਹਾ, ਬਾਲੜੀ ਦਿਵਸ ਨੂੰ ਸਮਰਪਿਤ ਗਤੀਵਿਧੀਆਂ, ਪਿੰਡਾਂ ਵਿਚ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਵਰਿੰਦਰ ਅੱਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 2 ਅਕਤੂਬਰ ਤੋਂ ਵਿਸ਼ੇਸ਼ ਲੜੀ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਜੋ 14 ਨਵੰਬਰ ਤੱਕ ਜਾਰੀ ਰਹੇਗੀ। ਇਸ ਦਾ ਆਗਾਜ਼ 7 ਰੋਜ਼ਾ ਪਲਾਸਟਿਕ ਵਿਰੋਧੀ ਮੁਹਿੰਮ ਤੋਂ ਕੀਤਾ ਜਾਵੇਗਾ, ਜਿਸ ਦੌਰਾਨ ਯੁਵਕ ਸੇਵਾਵਾਂ ਵਲੰਟੀਅਰਾਂ ਅਤੇ ਨਗਰ ਕੌਂਸਲ ਬਰਨਾਲਾ ਦੇ ਸਹਿਯੋਗ ਨਾਲ ਸ਼ਹਿਰ ਵਿਚੋਂ ਪਲਾਸਟਿਕ ਚੁੱਕਿਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ।
ਇਸ ਮਗਰੋਂ ਰੋਜ਼ਾਨਾ ਪੱਧਰ ’ਤੇ ਪਾਣੀ ਬਚਾਉਣ, ਕੁੱਖ ਬਚਾਉਣ, ਨਸ਼ਿਆਂ ਦੇ ਖਾਤਮੇ, ਮਹਿਲਾ ਸਸ਼ਕਤੀਕਰਨ, ਮੁਫ਼ਤ ਕਾਨੂੰਨੀ ਸੇਵਾਵਾਂ, ਨਾਗਰਿਕਾਂ ਦੇ ਫਰਜ਼ਾਂ ਅਤੇ ਅਧਿਕਾਰਾਂ ਬਾਰੇ ਨੁੱਕੜ ਨਾਟਕ ਤੇ ਹੋਰ ਜਾਗਰੂਕਤਾ ਪ੍ਰੋਗਰਾਮ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ‘ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਅਧੀਨ ਉਲੀਕੇ ਗਏ ਹਨ ਤਾਂ ਜੋ ਅਸੀਂ ਦੇਸ਼, ਸਮਾਜ ਤੇ ਆਪਣੇ ਸ਼ਹਿਰ ਨੂੰ ਬਿਹਤਰ ਬਣਾਉਣ ਵੱਲ ਕਦਮ ਚੁੱਕ ਸਕੀਏ। ਇਸ ਸਬੰਧੀ ਅਹਿਮ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਸਾਡੀ ਹੋਂਦ ਨੂੰ ਬਚਾਉਣ ਲਈ ਵਾਤਾਵਰਣ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਬਰਨਾਲਾ ਨੂੰ ਸਵੱਛ ਬਣਾਉਣ ਅਤੇ ਕੁਦਰਤੀ ਸੋਮੇ ਬਚਾਉਣ ਲਈ ਸਾਂਝਾ ਹੰਭਲਾ ਮਾਰਿਆ ਜਾਵੇਗਾ। ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪੁਲੀਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਜਾਰੀ ਹੈ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰਾਂ ਦੀ ਲੜੀ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ।