ਚੰਡੀਗੜ, 26 ਸਤੰਬਰ (ਨਿਰਮਲ ਸਿੰਘ ਪੰਡੋਰੀ) : ਮੁੱਖ ਮੰਤਰੀ ਚੰਨੀ ਦੀ ਕੈਬਨਿਟ ਦੇ ਸਹੁੰ ਚੁੱਕਣ ’ਚ ਭਾਵੇਂ ਥੋੜਾ ਸਮਾਂ ਬਾਕੀ ਹੈ ਪ੍ਰੰਤੂ ਅਜੇ ਵੀ ਮੰਤਰੀਆਂ ਦੀ ਸੂਚੀ ’ਤੇ ਕਾਟੋ ਕਲੇਸ਼ ਪਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਬਤੌਰ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਕੀਤਾ ਸੀ ਅਤੇ ਹੁਣ ਫ਼ਿਰ ਮੁੱਖ ਮੰਤਰੀ ਚੰਨੀ ਦੀ ਕੈਬਨਿਟ ਵਿੱਚ ਰਾਣਾ ਗੁਰਜੀਤ ਸਿੰਘ ਦਾ ਨਾਮ ਸੰਭਾਵੀ ਮੰਤਰੀਆਂ ਦੀ ਸੂਚੀ ’ਚ ਆਉਣ ਤੋਂ ਬਾਅਦ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਦੇ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਇਸ ਵਾਰ ਖਹਿਰਾ ਦੇ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਕੇਪੀ, ਵਿਧਾਇਕ ਨਵਤੇਜ ਚੀਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਪਵਨ ਆਦੀਆ ਨੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਸੂਤਰਾਂ ਅਨੁਸਾਰ ਮੰਤਰੀਆਂ ਦੀ ਸੂਚੀ ਵਾਲੀ ਪਟਾਰੀ ਕੁਝ ਸਮਾਂ ਪਹਿਲਾਂ ਹੀ ਖੋਲੀ ਜਾਵੇਗੀ, ਜਿਸ ਵਿੱਚੋਂ ਸੰਭਾਵੀ ਮੰਤਰੀਆਂ ਦੀ ਬਜਾਏ ਹੋਰ ਨਾਮ ਵੀ ਨਿਕਲ ਸਕਦੇ ਹਨ।
