ਚੰਡੀਗੜ- ਸੂਬੇ ਦਾ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿੱਚ ‘ਸਭ ਅੱਛਾ ਨਹੀਂ’ ਹੈ। ਮੁੱਖ ਮੰਤਰੀ ਚੰਨੀ ਦੀ ਨਵੀਂ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਸਿਰਫ਼ 2 ਘੰਟੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਬਲਵੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਪ੍ਰੈਸ ਕਾਨਫਰੰਸ ਕਰਕੇ ਨਵੇਂ ਮੰਤਰੀ ਮੰਡਲ ਦੇ ਗਠਨ ’ਤੇ ਸਵਾਲ ਖੜੇ ਕੀਤੇ ਹਨ। ਹਾਈਕਮਾਂਡ ਵੱਲੋਂ ਉਨਾਂ ਨੂੰ ਮੰਤਰੀ ਦੇ ਆਹੁਦੇ ਤੋਂ ਹਟਾਉਣ ’ਤੇ ਬਲਵੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਹਾਈਕਮਾਂਡ ਨੂੰ ਪੁੱਛਿਆ ਕਿ ‘‘ਸਾਨੂੰ ਸਾਡਾ ਕਸੂਰ ਤਾਂ ਦੱਸ ਦਿਓ, ਫਾਂਸੀ ਤੋਂ ਪਹਿਲਾਂ ਵੀ ਅੰਤਿਮ ਇੱਛਾ ਪੁੱਛੀ ਜਾਂਦੀ ਹੈ ਪਰ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕਰੀ ਅਤੇ ਸਾਨੂੰ ਬਿਨਾਂ ਕਸੂਰ ਤੋਂ ਮੰਤਰੀਸ਼ਿੱਪ ਤੋਂ ਹਟਾਇਆ ਗਿਆ। ਪ੍ਰੈਸ ਕਾਨਫਰੰਸ ਦੌਰਾਨ ਬਲਵੀਰ ਸਿੰਘ ਸਿੱਧੂ ਭਾਵੁਕ ਵੀ ਹੋਏ, ਗੁਰਪ੍ਰੀਤ ਸਿੰਘ ਕਾਂਗੜ ਦਾ ਵੀ ਗਲਾ ਭਰਿਆ ਹੋਇਆ ਸੀ। ਕਾਂਗੜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਂਗੜ ਦੇ ਜਵਾਈ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਨਾਲ ਜੋੜ ਕੇ ਮਜਾਹੀਆ ਪੋਸਟਾਂ ਵਾਇਰਲ ਹੋ ਰਹੀਆਂ ਹਨ ਕਿ ਕਾਂਗੜ ਨੂੰ ਕੈਬਨਿਟ ਵਿੱਚ ਤਰਸ ਦੇ ਅਧਾਰ ’ਤੇ ਹੀ ਰੱਖ ਲਿਆ ਜਾਂਦਾ। ਬਹਰਹਾਲ ! ਆਉਣ ਵਾਲੇ ਦਿਨਾਂ ’ਚ ਕੈਪਟਨ ਦੀ ਕੈਬਨਿਟ ਦੇ ਜਖ਼ਮੀ ਮੰਤਰੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਟਿਕੀ ਰਹੇਗੀ।