ਬਰਨਾਲਾ, 26 ਸਤੰਬਰ (ਨਿਰਮਲ ਸਿੰਘ ਪੰਡੋਰੀ) : 28 ਸਤੰਬਰ ਨੂੰ ਬਰਨਾਲੇ ਦੀ ਸੰਘਰਸ਼ੀ ਧਰਤੀ ’ਤੇ ਸ਼ਹੀਦੇ ਆਜਮ ਸ. ਭਗਤ ਸਿੰਘ ਦੀ 114ਵੀਂ ਜਨਮ ਸਤਾਬਦੀ ਮੌਕੇ ਲੱਖਾਂ ਜੁਝਾਰੂ ਲੋਕਾਂ ਦਾ ਇਕੱਠ ਕਰਕੇ ਸਾਮਰਾਜਵਾਦ ਦੀਆਂ ਚੂੁਲਾਂ ਢਿੱਲੀਆਂ ਕਰਾਂਗੇ। ਇਨਾਂ ਵਿਚਾਰਾ ਦਾ ਪ੍ਰਗਟਾਵਾ ਬੀਕੇਯੂ ਉਗਰਾਹਾਂ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨਾਂ ਦੱਸਿਆ ਕਿ ਬੀਕੇਯੂ ਉਗਰਾਹਾਂ ਵੱਲੋਂ 28 ਸਤੰਬਰ ਨੂੰ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਸਾਨ, ਮਜ਼ਦੂਰ,ਮਹਿਲਾਵਾਂ, ਵਿਦਿਆਰਥੀ, ਮੁਲਾਜ਼ਮ, ਛੋਟੇ ਦੁਕਾਨਦਾਰ, ਛੋਟੇ ਵਪਾਰੀ,ਛੋਟੇ ਸਨਅਤਕਾਰ ਇਕੱਠੇ ਹੋ ਕੇ ਸਾਮਰਾਜ ਵਿਰੋਧੀ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਉਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਸਾਡੇ ਮੁਲਕ ਦੇ ਲੋਕਾਂ ਦੀ ਦਸ਼ਾ ਨਹੀਂ ਬਦਲੀ ਕਿਉਂਕਿ ਸੱਤਾ ਉੱਪਰ ਕਾਰਪੋਰੇਟ ਘਰਾਣਿਆਂ ਦੇ ਚਿਹਰੇ ਕਾਬਜ਼ ਹੁੰਦੇ ਆ ਰਹੇ ਹਨ। ਜਿਨਾਂ ਦੀਆਂ ਨੀਤੀਆਂ ਨੇ ਹਰ ਵਰਗ ਦੇ ਲੋਕਾਂ ਦਾ ਜੀਵਨ ਦੁਸ਼ਵਾਰ ਕੀਤਾ ਹੋਇਆ ਹੈ। ਉਨਾਂ ਕਿਹਾ ਕਿ 2014 ’ਚ ਭਾਜਪਾ ਦੀ ਸਰਕਾਰ ਤੋਂ ਲੈ ਕੇ ਨਿੱਜੀਕਰਨ ਤੇਜ਼ੀ ਨਾਲ ਵਧਿਆ ਹੈ ਅਤੇ ਇਸ ਨੇ ਸਿਹਤ, ਸਿੱਖਿਆ,ਨੌਕਰੀਆਂ ਸਮੇਤ ਹਰ ਖੇਤਰ ’ਚ ਪੈਰ ਪਸਾਰ ਲਏ ਹਨ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨਾਂ ਦੀ ਜਥੇਬੰਦੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਨੁਸਾਰ ਸਾਮਰਾਜ ਵਿਰੋਧੀ ਲੜਾਈ ਲੜੇਗੀ ਅਤੇ ਇਹ ਲੜਾਈ ਖੇਤੀ ਕਾਨੂੰਨਾਂ ਦੇ ਖਾਤਮੇ ਤੋਂ ਵੀ ਅੱਗੇ ਦੀ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਿਆਸੀ ਪਾਰਟੀਆਂ ਲੋਕਾਂ ਦੇ ਰੋਹ ਤੋਂ ਬਚਣ ਲਈ ਅਗਾਮੀ ਚੋਣਾਂ ਦੇ ਮੱਦੇਨਜ਼ਰ ਆਪਣੇ ਚਿਹਰੇ ਬਦਲ ਰਹੀਆਂ ਹਨ ਪਰ ਲੋਕ ਹੁਣ ਪਹਿਲਾਂ ਨਾਲੋ ਜ਼ਿਆਦਾ ਸਿਆਣੇ ਹੋ ਗਏ ਹਨ। ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਲੋਕਾਂ ਨੂੰ ਮੌਕੇ ਦੀ ਰਾਜਨੀਤੀ ਸੰਬੰਧੀ ਸੁਚੇਤ ਕੀਤਾ ਹੈ ਜੋ ਵਰਿਆਂ ਤੋਂ ਕਿਸਾਨ, ਮਜ਼ਦੂਰ, ਕਿਰਤੀ ਲੋਕਾਂ ਨੂੰ ਲੁੱਟਦੀ ਤੇ ਕੁੱਟਦੀ ਆਈ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਹਰਦੀਪ ਸਿੰਘ ਟੱਲੇਵਾਲ, ਚਮਕੌਰ ਸਿੰਘ ਨੈਣੇਵਾਲ, ਰੂਪ ਸਿੰਘ ਛੰਨਾ ਅਤੇ ਭਗਤ ਸਿੰਘ ਛੰਨਾ ਆਦਿ ਵੀ ਹਾਜ਼ਰ ਸਨ।