ਚੰਡੀਗੜ : ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਇੱਕ ਦੂਜੇ ਨੂੰ ਟੇਢੀ ਅੱਖ ਨਾਲ ਹੀ ਵੇਖ ਰਹੇ ਹਨ। ਮੁੱਖ ਮੰਤਰੀ ਬਦਲਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸ਼ਬਦੀ ਤੀਰ ਕੈਪਟਨ ਅਮਰਿੰਦਰ ਸਿੰਘ ਵੱਲ ਸਿੱਧੇ ਹੁੰਦੇ ਸਨ ਅਤੇ ਹੁਣ ਕੈਪਟਨ ਹਮਾਇਤੀਆਂ ਨੇ ਧਨੁਸ਼ ਸਿੱਧੂ ਖ਼ੇਮੇ ਵੱਲ ਕਰ ਲਏ ਹਨ। ਦੋਵੇ ਧੜਿਆਂ ਵੱਲੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਖੇਡ ਪਹਿਲਾਂ ਵਾਂਗ ਹੀ ਜਾਰੀ ਹੈ। ਕੈਪਟਨ ਦਾ ਤਖ਼ਤਾ ਪਲਟ ਕੇ ਸੱਤਾ ਆਪਣੇ ਹੱਥ ਵਿੱਚ ਕਰਨ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਦੇ ਹਮਾਇਤੀਆਂ ਨੇ ਸ਼ਬਦੀ ਜੰਗ ਸ਼ੁਰੂ ਰੱਖੀ ਹੋਈ ਹੈ। ਸ਼ੋਮਵਾਰ ਇੱਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਟਿਨ ਦੀ ਪਹਿਲੀ ਮੀਟਿੰਗ ਹੋ ਰਹੀ ਸੀ ਤੇ ਦੂਜੇ ਪਾਸੇ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਸੰਬੰਧੀ ਟਿੱਪਣੀਆਂ ਕੀਤੀਆਂ। ਮੁਹੰਮਦ ਮੁਸਤਫ਼ਾ ਨੇ ਭਾਵੇਂ ਕੈਪਟਨ ਅਮਰਿੰਦਰ ਦਾ ਨਾਮ ਤਾਂ ਨਹੀਂ ਲਿਆ ਪਰ ਸ਼ਬਦਾਂ ਦਾ ਹੇਰਫੇਰ ਸਪੱਸ਼ਟ ਦੱਸ ਰਿਹਾ ਹੈ ਕਿ ਇਸ਼ਾਰਾ ਸਿਸਵਾਂ ਫਾਰਮ ਵੱਲ ਹੀ ਹੈ। ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ‘‘ਓਪਰੇਸ਼ਨ ਇਨਸਾਫ਼ ਮੁਕੰਮਲ ਕਰ ਲਿਆ ਗਿਆ ਹੈ ਅਤੇ ਕਾਂਗਰਸ ਦੇ ਮਿਸਨ 2022 ਵਿੱਚ ਇੱਕੋ ਇੱਕ ਅੜਿੱਕਾ ਵੀ ਪਾਰ ਕਰ ਲਿਆ ਹੈ, ਹੁਣ ਫੋਕਸ ਅਤੇ ਐਨਰਜੀ ਸਿਫ਼ਟ ਹੋ ਰਹੀ ਹੈ। ਪੰਜਾਬ, ਪੰਜਾਬੀ ਤੇ ਖ਼ਾਸ ਕਰਕੇ ਰਾਜ ਦੇ ਕਾਂਗਰਸੀ 2022 ਵਿੱਚ ਜਿੱਤ ਦਾ ਭਰੋਸਾ ਰੱਖਣ’’। ਮੁਹੰਮਦ ਮੁਸਤਫ਼ਾ ਦੇ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਦੀ ਫਿਲਮੀ ਕਹਾਣੀ ਪਹਿਲਾਂ ਵਾਲੀ ਹੀ ਹੈ, ਸਿਰਫ਼ ਪਾਤਰਾਂ ਦੀ ਭੂਮਿਕਾ ਹੀ ਬਦਲੀ ਹੈ।