ਬਰਨਾਲਾ,30 ਅਕਤੂਬਰ, Gee98 news service
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਵਿੱਚ ਹਕੂਮਤ ਨੇ ਆਪਣੀ ਪਾਵਰ ਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਬਿਮਾਰੀ ਤੋਂ ਕੁਝ ਰਾਹਤ ਮਿਲਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਮੈਦਾਨ ਵਿੱਚ ਪੈਰ ਰੱਖਦੇ ਹੀ ਬਰਨਾਲਾ ਦੇ ਕਾਂਗਰਸੀ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ। ਜ਼ਿਕਰਯੋਗ ਹੈ ਕਿ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਨੂੰ ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬਰਨਾਲਾ ਜ਼ਿਮਨੀ ਚੋਣ ਦੇ ਸੰਦਰਭ ਵਿੱਚ ਸੱਤਾਧਾਰੀ ਧਿਰ ਕੋਲ ਕੁਝ ਹੋਰ ਆਗੂਆਂ ਦੀ ਸੂਚੀ ਵੀ ਹੈ ਜਿਨਾਂ ਨੂੰ ਆਉਣ ਵਾਲੇ ਦਿਨਾਂ ‘ਚ ਝਾੜੂ ਫੜਾ ਦਿੱਤਾ ਜਾਵੇਗਾ। ਦੂਜੇ ਪਾਸੇ ਜੱਗੂ ਮੋਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਟਿੱਪਣੀ ਕਰਦੇ ਹੋਏ ਸਥਾਨਿਕ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੌਂਸਲਰ ਜੌਂਟੀ ਮਾਨ ਦੇ ਮੀਤ ਪ੍ਰਧਾਨ ਚੁਣੇ ਜਾਣ ਮੌਕੇ ਹੀ ਪੱਕ-ਠੱਕ ਹੋ ਗਈ ਸੀ ਹੁਣ ਤਾਂ ਦਲ ਬਦਲੀ ਦੀ ਪ੍ਰਕਿਰਿਆ ਸਬੰਧੀ ਰਸਮੀ ਕਾਰਵਾਈ ਪੂਰੀ ਕੀਤੀ ਗਈ ਹੈ।