ਚੰਡੀਗੜ , 28 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ’ਚ ਖਾਕੀ ਵਰਦੀ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼ ਪੈ ਗਿਆ ਹੈ। ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰੀ ਬਣਾਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦੇ ਨਾਲ ਲਗਦਾ ਸੁਖਬੀਰ ਸਿੰਘ ਬਾਦਲ ਵਾਲਾ ਕਮਰਾ ਅਲਾਟ ਕਰਨ ਤੋਂ ਬਾਅਦ ਇਹ ਚਰਚਾ ਹੋ ਰਹੀ ਸੀ ਕਿ ਰੰਧਾਵਾ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇਗਾ। ਇਸ ਚਰਚਾ ਨੇ ਨਵਜੋਤ ਸਿੰਘ ਸਿੱਧੂ ਨੂੰ ਬੇਚੈਨ ਕਰ ਦਿੱਤਾ। ਸਿੱਧੂ ਦਾ ਤਰਕ ਸੀ ਕਿ ਹੁਣ ਤੱਕ ਗ੍ਰਹਿ ਵਿਭਾਗ ਮੁੱਖ ਮੰਤਰੀ ਦੇ ਕੋਲ ਹੀ ਰਿਹਾ ਹੈ। ਅਸਲ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਦੇ ਜ਼ਰੀਏ ਸੂਬੇ ਦੀ ਪੁਲਸੀਆ ਤਾਕਤ ਆਪਣੇ ਹੱਥ ’ਚ ਰੱਖਣਾ ਚਾਹੁੰਦੇ ਸਨ। ਦੂਜੇ ਪਾਸੇ ਸਿਆਸੀ ਮਾਹਿਰਾ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਡਰ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਬਤੌਰ ਗ੍ਰਹਿ ਮੰਤਰੀ ਬੇਅਦਬੀ ਘਟਨਾਵਾਂ, ਕੋਟਕਪੂਰਾ ਗੋਲੀ ਕਾਂਡ ਅਤੇ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਨੂੰ ਕਾਬੂ ਕਰ ਸਕਦਾ ਹੈ ਜਿਸ ਨਾਲ ਸਿੱਧੂ ਦੀ ਬੜਕ ਮੱਠੀ ਪੈ ਜਾਵੇਗੀ। ਇਸੇ ਲਈ ਸਿੱਧੂ ਨੇ ਰੰਧਾਵਾ ਨੂੰ ਗ੍ਰਹਿ ਵਿਭਾਗ ਦੇਣ ਦਾ ਪੂਰਾ ਵਿਰੋਧ ਕੀਤਾ। ਮੁੱਖ ਮੰਤਰੀ ਚੰਨੀ ਨੇ ਸਾਰਾ ਮਾਮਲਾ ਹਾਈਕਮਾਂਡ ਦੇ ਧਿਆਨ ਵਿੱਚ ਲਿਆਂਦਾ ਜਿਸ ਤੋਂ ਬਾਅਦ ਵੀ ਗ੍ਰਹਿ ਵਿਭਾਗ ਰੰਧਾਵਾ ਨੂੰ ਦੇ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ.. ਅਬ ਆਗੇ -ਆਗੇ ਦੇਖੋ ਹੋਤਾ ਹੈ ਕਿਆ ..!