-ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਜਾ ਰਿਹਾ ਸੰਘਰਸ਼ ਸਾਮਰਾਜ ਦੇ ਖ਼ਾਤਮੇ ਤੱਕ ਜਾਰੀ ਰਹੇਗਾ: ਜੋਗਿੰਦਰ ਸਿੰਘ ਉਗਰਾਹਾਂ
ਬਰਨਾਲਾ, 28 ਸਤੰਬਰ (ਨਿਰਮਲ ਸਿੰਘ ਪੰਡੋਰੀ) : ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ 114ਵੇਂ ਜਨਮ ਦਿਵਸ ਮੌਕੇ ਬਰਨਾਲਾ ਵਿਖੇ ਕੀਤੀ ਸਾਮਰਾਜ ਵਿਰੋਧੀ ਕਾਨਫਰੰਸ ’ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਮੌਕੇ ਸਿਰਾਂ ਉੱਪਰ ਕੇਸ਼ਰੀ ਚੁੰਨੀਆਂ ਲੈ ਕੇ ਪੁੱਜੀਆਂ ਮਹਿਲਾਵਾਂ ਦੀ ਵੱਡੀ ਗਿਣਤੀ ਨੇ ਸੰਕੇਤ ਦਿੱਤਾ ਕਿ ਔਰਤ ਘਰ ਦੀ ਹਦੂਦ ਅੰਦਰ ਰਹਿ ਕੇ ਕੰਮ ਕਰਨ ਵਾਲਾ ਪਰਿਵਾਰਕ ਮੈਂਬਰ ਹੀ ਨਹੀਂ ਰਿਹਾ, ਜਦੋਂ ਜ਼ਮੀਰ ਖ਼ਤਰੇ ’ਚ ਹੋਵੇ ਤਾਂ ਔਰਤ ਘਰ ਦੀ ਦਹਿਲੀਜ਼ ਟੱਪ ਕੇ ਸਮੇਂ ਦੀਆਂ ਹਕੂਮਤਾਂ ਖ਼ਿਲਾਫ਼ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿਤਰਦੀਆਂ ਹਨ। ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੀ ਸਾਮਰਾਜ ਵਿਰੋਧੀ ਲੜਾਈ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਲੜੇ ਜਾ ਰਹੇ ਅੰਦੋਲਨ ਤੋਂ ਵੀ ਅੱਗੇ ਲਿਜਾਣ ਦਾ ਸੱਦਾ ਦਿੱਤਾ। ਬੀਕੇਯੂ ਉਗਰਾਹਾਂ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੇ ਜੋਸ਼ੀਲੇ ਭਾਸ਼ਣ ’ਚ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੜੀ ਜਾ ਰਹੀ ਲੜਾਈ ਸਿਰਫ਼ ਕਾਨੂੰਨ ਰੱਦ ਕਰਵਾਉਣ ਤੱਕ ਹੀ ਸੀਮਤ ਨਹੀਂ ਹੈ। ਇਹ ਸੰਘਰਸ਼ ਸਦੀਆਂ ਤੋਂ ਕਿਰਤੀ ਲੋਕਾਂ ਦੀ ਲੁੱਟ ਕਰਨ ਵਾਲੇ ਸਾਮਰਾਜੀਆਂ ਦੇ ਖ਼ਿਲਾਫ ਹੈੇ।

ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਅਨੁਸਾਰ ਸਾਮਰਾਜ ਦੇ ਖ਼ਾਤਮੇ ਲਈ ਯੋਜਨਾਬੱਧ ਸੰਘਰਸ਼ ਸਮੇਂ ਦੀ ਲੋੜ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਦਾਅਵਾ ਕੀਤਾ ਕਿ ਸਾਮਰਾਜੀਆਂ ਖ਼ਿਲਾਫ਼ ਸੰਘਰਸ਼ ਕਰਕੇ ਅੰਬਾਨੀਆਂ ਤੇ ਅੰਡਾਨੀਆਂ ਦੀ ਜਾਇਦਾਦ ਜਬਤ ਕਰਵਾਵਾਂਗੇ। ਉਨਾਂ ਰੈਲੀ ਵਿੱਚ ਜੁੜੇ ਲੱਖਾਂ ਲੋਕਾਂ ਦੇ ਇਕੱਠ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਗਰਾਹਾਂ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ ਸੰਬੰਧੀ ਇੱਕ ਕਰੋੜ ਦੇ ਜ਼ੁਰਮਾਨੇ ਤੇ ਪੰਜ ਸਾਲ ਦੀ ਸਜ਼ਾ ਬਾਰੇ ਐਲਾਨ ਕੀਤਾ ਕਿ ਝੋਨਾ ਵੱਢਣ ਤੋਂ ਇੱਕ ਹਡਤੇ ਦੇ ਵਿੱਚ-ਵਿੱਚ ਸਰਕਾਰ ਕਿਸਾਨਾਂ ਦੇ ਖੇਤਾਂ ‘ਚ ਮੁਫ਼ਤ ਪਰਾਲੀ ਚੁੱਕ ਲਵੇ, ਨਹੀਂ ਤਾਂ ਇੱਕ ਹਫਤੇ ਬਾਅਦ ਪਰਾਲੀ ਨੂੰ ਅੱਗ ਲਗਾਈ ਜਾਵੇਗੀ। ਝੋਨੇ ਦੀ ਫਸਲ ਵੇਚਣ ਸੰਬੰਧੀ ਮੰਗੀਆਂ ਜਾ ਰਹੀਆ ਫ਼ਰਦਾਂ ਬਾਰੇ ਉਗਰਾਹਾਂ ਨੇ ਕਿਹਾ ਕਿ ਝੋਨਾ ਵੀ ਵੇਚਾਂਗੇ ਤੇ ਫ਼ਰਦਾਂ ਵੀ ਨਹੀਂ ਦੇਵਾਂਗੇ। ਇਸ ਮੌਕੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਤੇ ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਸਮੇਤ ਹੋਰ ਬੁਲਾਰਿਆਂ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਸੂਰਤ ਵਿੱਚ ਚਿਤਾਵਨੀ ਦਿੱਤੀ ਕਿ ਲੋਕਾਂ ਦਾ ਸਬਰ ਨਾ ਪਰਖਿਆ ਜਾਵੇ, ਨਹੀਂ ਤਾਂ ਲੋਕਾਂ ਦਾ ਹੜ੍ਹ ਕੰਟਰੋਲ ਨਹੀਂ ਹੋਵੇਗਾ।
