ਚੰਡੀਗੜ : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਆਪਣੇ ਅਸਤੀਫ਼ੇ ਦਾ ਕਾਰਨ ਸਪੱਸ਼ਟ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਉਨਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵੀ ਮੁੱਦਿਆਂ ਦੀ ਲੜਾਈ ਲੜੀ ਸੀ ਅਤੇ ਹੁਣ ਵੀ ਲੜਾਈ ਮੁੱਦਿਆਂ ’ਤੇ ਹੀ ਅਧਾਰਿਤ ਹੈ । ਪੰਜਾਬ ਪੁਲਿਸ ਦੇ ਡੀਜੀਪੀ ਅਤੇ ਐਡਵੇਕੇਟ ਜਨਰਲ ਸਮੇਤ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸੂ ਅਤੇ ਇੱਕ ਦੋ ਹੋਰ ਮੰਤਰੀਆਂ ਨੂੰ ਕੈਬਨਿਟ ਮੰਤਰੀ ਬਣਾਉਣਾ ਸਿੱਧੂ ਦੀ ਰਾਜਨੀਤੀ ਨੂੰ ਰਾਸ ਨਹੀਂ ਆਇਆ। ਇਹ ਸਾਹਮਣੇ ਆ ਚੁੱਕਾ ਹੈ ਕਿ ਨਵਜੋਤ ਸਿੰਘ ਸਿੱਧੂ ਕੈਬਨਿਟ ਵਿੱਚ ਸਾਫ ਸੁਥਰੇ ਅਕਸ ਵਾਲੇ ਮੰਤਰੀਆਂ ਨੂੰ ਹੀ ਲੈਣ ਦੀ ਸਿਫ਼ਾਰਸ ਕਰਦੇ ਰਹੇ ਪਰ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਮੀ ਭਰਾ ਕੇ ਹਾਈਕਮਾਂਡ ਤੋਂ ਆਪਣੇ ਮੰਤਰੀ ਤੇ ਅਫ਼ਸਰ ਨਿਯੁਕਤ ਕਰਵਾਏ। ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਨੂੰ ਸਿੱਧੂ ਦੇ ਅਸਤੀਫ਼ੇ ਦਾ ਘਟਨਾਕ੍ਰਮ ਆਪੇ ਨਜਿੱਠਣ ਲਈ ਆਖ ਦਿੱਤਾ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਭ ਕੁਝ ਠੀਕ ਕਰ ਲਿਆ ਜਾਵੇਗਾ। ਬਹਰਹਾਲ ! ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਲਤ ‘‘ਸੱਪ ਦੇ ਮੂੰਹ ਕੋਹੜ ਕਿਰਲੀ’’ ਵਾਲੀ ਬਣੀ ਹੋਈ ਹੈ । ਕਿਉਂਕਿ ਡੀਜੀਪੀ, ਐਡਵੋਕੇਟ ਜਨਰਲ ਅਤੇ ਕੈਬਨਿਟ ਦੇ ਭਿ੍ਰਸਟ ਮੰਤਰੀਆਂ ਨੂੰ ਇੱਕਦਮ ਨਹੀਂ ਹਟਾਇਆ ਜਾ ਸਕਦਾ ਪਰ ਦੂਜੇ ਪਾਸੇ ਸਿੱਧੂ ਦੇ ਅਸਤੀਫ਼ੇ ਦਾ ਕਾਰਨ ਹੀ ਡੀਜੀਪੀ, ਐਡਵੋਕੇਟ ਜਨਰਲ ਤੇ ਕੁਝ ਭਿ੍ਰਸਟ ਮੰਤਰੀਆਂ ਦੀ ਨਿਯੁਕਤੀ ਬਣਿਆ ਹੈ।