ਬਰਨਾਲਾ , 29 ਸਤੰਬਰ (ਨਿਰਮਲ ਸਿੰਘ ਪੰਡੋਰੀ) : ਕੁਝ ਦਿਨ ਪਹਿਲਾਂ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਮੋਹਤਬਰ ਵਿਅਕਤੀਆਂ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਰੋਧ ਲੜੀ ਤਹਿਤ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ ਦਾ ਕਿਸਾਨਾਂ ਨੇ ਘਿਰਾਓ ਕੀਤਾ ਅਤੇ ਭਾਜਪਾ ਛੱਡਣ ਲਈ ਅਲਟੀਮੇਟਮ ਦਿੱਤਾ। ਵਾਇਰਲ ਹੋ ਰਹੀ ਵੀਡੀਓ ਸ਼ਹਿਣਾ ਦੀ ਹੈ। ਜਿਸ ਵਿੱਚ ਕਿਸਾਨ ਆਗੂ ਹਰਿੰਦਰ ਦਾਸ ਤੋਤਾ ਨੂੰ ਭਾਜਪਾ ਛੱਡਣ ਲਈ ਆਖ ਰਹੇ ਹਨ ਜਾਂ ਫਿਰ ਪਿੰਡਾਂ ’ਚ ਨਾ ਆਉਣ ਦੀ ਸਲਾਹ ਦੇ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗਆਂ ਨੂੰ ਪਿੰਡਾਂ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕੀਤੇ ਜਾਣਗੇ ਜੇਕਰ ਕੋਈ ਆਗੂ ਸਵਾਲਾਂ ਦਾ ਜਵਾਬ ਨਹੀਂ ਦੇਵੇਗਾ ਤਾਂ ਪਿੰਡਾਂ ’ਚ ਉਸ ਦੀ ਐਟਰੀ ਬੰਦ ਕੀਤੀ ਜਾਵੇਗੀ।