ਚੰਡੀਗੜ, 29 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਸਰਕਾਰ ਨੇ ਸੂਬੇ ਦੇ 2 ਕਿਲੋਵਾਟ ਤਕ ਬਿਜਲੀ ਖਪਤਕਾਰਾਂ ਦਾ ਪਿਛਲਾ ਸਾਰਾ ਬਕਾਇਆ ਮਾਫ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਰੂ-ਬ-ਰੂ ਹੁੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 2 ਕਿਲੋਵਾਟ ਲੋਡ ਤੱਕ ਦੇ ਬਿਜਲੀ ਖਪਤਕਾਰਾਂ ਦਾ ਪਿਛਲਾ ਸਾਰਾ ਬਕਾਇਆ ਸਰਕਾਰ ਭਰੇਗੀ ਅਤੇ ਜਿਨਾਂ ਖਪਤਕਾਰਾਂ ਦੇ ਬਿੱਲ ਨਾ ਭਰਨ ਕਰਕੇ ਮੀਟਰ ਕੱਟੇ ਗਏ ਹਨ ਉਹ ਸਾਰੇ ਕੁਨੈਕਸ਼ਨ ਤੁਰੰਤ ਜੋੜੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਪਾਵਰਕਾਮ ਦੇ ਲਗਪਗ 72 ਲੱਖ ਖਪਤਕਾਰ ਹਨ ਜਿਨਾਂ ਵਿੱਚੋਂ 53 ਲੱਖ ਪਰਿਵਾਰਾਂ ਵੱਲ ਬਿਜਲੀ ਦਾ ਬਕਾਇਆ ਰਹਿੰਦਾ ਹੈ ਜੋ ਸਰਕਾਰ ਭਰੇਗੀ। ਉਨਾਂ ਦੱਸਿਆ ਕਿ ਇਸ ਨਾਲ ਸੂਬੇ ਦੇ ਖ਼ਜ਼ਾਨੇ ‘ਤੇ ਲਗਪਗ 1200 ਕਰੋੜ ਰੁਪਏ ਦਾ ਮਾਲੀ ਭਾਰ ਪਵੇਗਾ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਬਕਾਇਆ ਭਾਵੇਂ ਜਿੰਨੇ ਸਾਲ ਮਰਜ਼ੀ ਪੁਰਾਣਾ ਰਹਿੰਦਾ ਹੋਵੇ ਉਹ ਸਾਰਾ ਸਰਕਾਰ ਵੱਲੋਂ ਭਰਿਆ ਜਾਵੇਗਾ ਅਤੇ ਕੱਟੇ ਹੋਏ ਕੁਨੈਕਸ਼ਨ ਬਿਨਾਂ ਫ਼ੀਸ ਲਏ ਜੋੜੇ ਜਾਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ‘ਚ ਰੇਤ ਮਾਫ਼ੀਆ ਪੂਰੀ ਤਰਾਂ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਨਵੀਂ ਪਾਲਿਸੀ ਲਿਆਂਦੀ ਜਾਵੇ । ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਿਲ ਬੈਠ ਕੇ ਮਸਲਾ ਹੱਲ ਕਰ ਲਵਾਂਗੇ।