—ਪੂਰਾ ਅਕਤੂਬਰ ਮਹੀਨਾ ਚੱਲੇਗੀ ਪਲਾਸਟਿਕ ਵਿਰੁੱਧ ਸਫਾਈ ਮੁਹਿੰਮ
ਬਰਨਾਲਾ, 29 ਸਤੰਬਰ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਦੇਸ਼ ਦੀ 75ਵੀਂ ਆਜ਼ਾਦੀ ਵਰੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ’ ਤਹਿਤ ਪਹਿਲੀ ਅਕਤਬੂਰ ਤੋਂ ਮੈਗਾ ਪੋ੍ਰਗਰਾਮਾਂ ਦੀ ਲੜੀ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਵੱਖ ਵੱਖ ਵਿਭਾਗਾਂ ਰਾਹੀਂ ਆਮ ਲੋਕਾਂ ਨਾਲ ਤਾਲਮੇਲ ਬਣਾਉਦੇ ਹੋਏ ਜ਼ਿਲੇ ਦੀ ਬਿਹਤਰੀ ਲਈ ਵਿਆਪਕ ਮੁਹਿੰਮ ਵਿੱਢੀ ਜਾਵੇਗੀ। ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਨਾਂ ਸਮਾਗਮਾਂ ਦੀ ਲੜੀ ਦਾ ਆਗਾਜ਼ ਪਹਿਲੀ ਅਕਤੂਬਰ ਨੂੰ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਤੋਂ ‘ਰਨ ਫਾਰ ਯੂਨਿਟੀ’ ਨਾਲ ਹੋਵੇਗਾ। ਉਨਾਂ ਦੱਸਿਆ ਕਿ ਇਸ ਦੌੜ ਵਿਚ ਲਗਭਗ 100 ਦੇ ਕਰੀਬ ਨੌਜਵਾਨ ਭਾਗ ਲੈਣਗੇ, ਜਿਨਾਂ ਵੱਲੋਂ ਦੇਸ਼, ਸਮਾਜ ਤੇ ਜ਼ਿਲ੍ਹੇ ਵਿਚ ਸ਼ਾਂਤੀ, ਸਦਭਾਵਨਾ ਅਤੇ ਸਵੱਛਤਾ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲੀ ਅਕਤੂਬਰ ਤੋਂ 31 ਅਕਤੂਬਰ ਤੱਕ ਪੂਰਾ ਮਹੀਨਾ ਨਹਿਰੂ ਯੁਵਾ ਕੇਂਦਰ ਤੇ ਹੋਰ ਵਿਭਾਗਾਂ ਰਾਹੀਂ ਸਵੱਛਤਾ ਮੁਹਿੰਮ ਚਲਾਈ ਜਾਵੇਗੀ, ਜਿਸ ਦੌਰਾਨ ਸ਼ਹਿਰ ’ਚੋਂ ਪਲਾਸਟਿਕ ਇਕੱਠਾ ਕੀਤਾ ਜਾਵੇਗਾ ਅਤੇ ਪਲਾਸਟਿਕ ਨਾ ਵਰਤਣ ਲਈ ਜਾਗਰੂਕ ਕੀਤਾ ਜਾਵੇਗਾ। ਉੁਨਾਂ ਦੱਸਿਆ ਕਿ ‘ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ’ ਤਹਿਤ ਸਾਲ 2023 ਤੱਕ ਦੀਆਂ ਗਤੀਵਿਧੀਆਂ ਉਲੀਕੀਆਂ ਗਈਆਂ ਹਨ, ਜਿਸ ਤਹਿਤ ਪਿੰਡਾਂ ਸ਼ਹਿਰਾਂ ਵਿਚ ਨੁੱਕੜ ਨਾਟਕ, ਸੈਮੀਨਾਰ, ਵਾਤਾਵਰਣ ਸੰਭਾਲ ’ਤੇ ਰੈਲੀਆਂ, ਵਿਦਿਅਕ ਮੁਕਾਬਲੇ, ਪੁਲੀਸ ਦੇ ਸਹਿਯੋਗ ਨਾਲ ਟ੍ਰੈਫਿਕ ਨੇਮਾਂ ਬਾਰੇ ਸੈਮੀਨਾਰ, ਯੁਵਕ ਸੇਵਾਵਾਂ ਵਲੰਟੀਅਰਾਂ ਵੱਲੋਂ ਪਲਾਸਟਿਕ ਦੀ ਵਰਤੋਂ ਵਿਰੁੱਧ ਅਤੇ ਹੋਰ ਪੱਖਾਂ ’ਤੇ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਰਾਹੀਂ ਪੌਦੇ ਵੰਡਣ ਦੀ ਮੁਹਿੰਮ ਤੋਂ ਇਲਾਵਾ ਯੋਗਾ ਕੈਂਪ, ਖੇਡ ਮੁਕਾਬਲੇ ਜਾਰੀ ਰਹਿਣਗੇ। ਇਸ ਮੀਟਿੰਗ ਵਿਚ ਐਸਡੀਐਮ ਸ੍ਰੀ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕੁਲਵਿੰਦਰ ਸਿੰਘ ਸਰਾਏ, ਡੀਐਸਪੀ ਰਾਮਜੀ, ਕਾਰਜਸਾਧਕ ਅਫਸਰ ਬਰਨਾਲਾ ਮੋਹਿਤ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।