-ਇਹ ਹਸਪਤਾਲ ਮੇਰਾ ਡਰੀਮ ਪ੍ਰੋਜੈਕਟ ਹੈ : ਕੇਵਲ ਸਿੰਘ ਢਿੱਲੋਂ
–ਉਪ ਮੁੱਖ ਮੰਤਰੀ ਨੇੇ ਰੱਖਿਆ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ
ਬਰਨਾਲਾ, 02 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਪੀ ਸੋਨੀ ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਦੇ ਡਰੀਮ ਪ੍ਰੋਜੈਕਟ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਪ੍ਰਭਾਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਓਪੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਬਰਨਾਲਾ ਨੂੰ ਇੱਕ ਵੱਡਾ ਤੋਹਫ਼ਾ 300 ਬੈੱਡ ਦਾ ਇਹ ਹਸਪਤਾਲ ਅਤਿ ਆਧੁਨਿਕ ਸਿਹਤ ਸਹੂਲਤਾਂ ਨਾਲ ਲੈੱਸ ਹੋਵੇਗਾ। ਇਹ ਹਸਪਤਾਲ ਮਾਲਵਾ ਖ਼ੇਤਰ ਲਈ ਸਿਹਤ ਸਹੂਲਤਾਂ ਵਜੋਂ ਇੱਕ ਵਰਦਾਨ ਹੋਵੇਗਾ ਜਿਸ ਦੇ ਸ਼ੁਰੂ ਹੋਣ ਤੋਂ ਬਾਅਦ ਇਸ ਖ਼ੇਤਰ ਦੇ ਲੋਕਾਂ ਨੂੰ ਪੀਜੀਆਈ ਜਾਂ ਦਿੱਲੀ ਇਲਾਜ ਲਈ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਹਰ ਬਿਮਾਰੀ ਦਾ ਇਲਾਜ ਅਤੇ ਹਰ ਬਿਮਾਰੀ ਦੇ ਟੈਸਟ ਨਾਲ ਸੰਬੰਧਿਤ ਸਹੂਲਤਾਂ ਮਿਲਣਗੀਆਂ। ਸ੍ਰੀ ਸੋਨੀ ਨੇ ਦਾਅਵਾ ਕੀਤਾ ਕਿ ਲੱਗਭੱਗ ਸਾਢੇ 6 ਏਕੜ ’ਚ 100 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਹਸਪਤਾਲ ਪੰਜਾਬ ਦੇ ਕੁਝ ਗਿਣੇ-ਚੁਣੇ ਹਸਪਤਾਲਾਂ ’ਚੋ ਇੱਕ ਹੋਵੇਗਾ ਜਿਸ ਲਈ 40 ਕਰੋੜ ਦੀ ਗਰਾਂਟ ਜਾਰੀ ਵੀ ਹੋ ਚੁੱਕੀ ਹੈ।
ਉਪ ਮੁੱਖ ਮੰਤਰੀ ਸੋਨੀ ਨੇ ਇਸ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਸਿਹਰਾ ਕੇਵਲ ਸਿੰਘ ਢਿੱਲੋਂ ਨੂੰ ਦਿੰਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਢਿੱਲੋਂ ਦੀ ਨੇੜਤਾ ਅਤੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਢਿੱਲੋਂ ਦੀ ਮਿੱਤਰਤਾ ਦੇ ਜ਼ਰੀਏ ਇਸ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਬੂਟਾ ਬਰਨਾਲਾ ਦੀ ਧਰਤੀ ’ਤੇ ਲੱਗਿਆ ਹੈ। ਇਸ ਨਵੇਂ ਹਸਪਤਾਲ ਦੇ ਨੀਂਹ ਪੱਥਰ ਤੋਂ ਇਲਾਵਾ ਸ੍ਰੀ ਸੋਨੀ ਨੇ ਬਰਨਾਲਾ ਦੇ ਪੁਰਾਣੇ ਹਸਪਤਾਲ ਲਈ 2 ਕਰੋੜ ਰੁਪਏ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਸ੍ਰੀ ਸੋਨੀ ਨੇ ਕੇਵਲ ਸਿੰਘ ਢਿੱਲੋਂ ਦੀ ਸਿਆਸੀ ਪਹੁੰਚ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਕਿਸੇ ਵੀ ਮਹਿਕਮੇ ਦਾ ਮੰਤਰੀ ਢਿੱਲੋਂ ਦੀ ਕੋਈ ਵੀ ਗੱਲ ਨਹੀਂ ਮੋੜਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਐਸਸੀ/ਬੀਸੀ ਪਰਿਵਾਰਾਂ ਤੇ ਜਨਰਲ ਸ਼੍ਰੇਣੀ ਦੇ ਗਰੀਬ ਲੋਕਾਂ ਲਈ ਵੀ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕੁਝ ਦਿਨਾਂ ’ਚ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਨੂੰ ਜ਼ਿਲਾ ਬਣਾਉਣ ਤੋਂ ਬਾਅਦ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਦਾ ਹਸਪਤਾਲ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ, ਜੋ ਜਲਦੀ ਹੀ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਵਾਲੇ ਦਿਨ ਤੋਂ ਲੈ ਕੇ 30 ਦਿਨਾਂ ਤੱਕ ਹਸਪਤਾਲ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ ਅਤੇ ਜਲਦੀ ਹੀ ਮਾਲਵਾ ਖ਼ੇਤਰ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਵਾਲੀ ਸੰਸਥਾ ਸਮਰਪਿਤ ਕਰ ਦਿੱਤੀ ਜਾਵੇਗੀ। ਢਿੱਲੋਂ ਨੇ ਦਾਅਵਾ ਕੀਤਾ ਕਿ ਬਰਨਾਲੇ ਦਾ ਵਿਕਾਸ ਕੇਵਲ ਕਾਂਗਰਸ ਦੀਆਂ ਸਰਕਾਰਾਂ ਮੌਕੇ ਹੀ ਹੋਇਆ ਹੈ। ਇਸ ਮੌਕੇ ਪੀਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ, ਡਾਇਰੈਕਟਰ ਸਿਹਤ ਵਿਭਾਗ ਡਾ. ਆਦੇਸ਼ ਕੰਗ,ਡਾ. ਜੀਬੀ ਸਿੰਘ, ਡੀਸੀ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ,ਐਸਡੀਐਮ ਸ੍ਰੀ ਵਰਜੀਤ ਵਾਲੀਆ, ਡੀਆਈਜੀ ਪਟਿਆਲਾ ਰੇਂਜ ਗੁਰਪ੍ਰੀਤ ਸਿੰਘ ਤੂਰ, ਐਸਐਸਪੀ ਭਾਗੀਰਥ ਸਿੰਘ ਮੀਨਾ,ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਏਪੀਆਰਓ ਸ੍ਰੀ ਜਗਵੀਰ ਕੌਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਕਨਵਰਇੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ, ਚੇਅਰਮੈਨ ਮੱਖਣ ਸ਼ਰਮਾ,ਬੀਬੀ ਸੁਰਿੰਦਰ ਕੌਰ ਵਾਲੀਆ, ਪ੍ਰਧਾਨ ਨਗਰ ਕੌਂਸਲ ਗੁਰਜੀਤ ਸਿੰਘ ਔਲਖ, ਮੀਤ ਪਧਾਨ ਨਰਿੰਦਰ ਨੀਟਾ, ਚੇਅਰਮੈਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ ਖੁੱਡੀ, ਸੁਖਜੀਤ ਕੌਰ ਸੁੱਖੀ, ਚੇਅਰਮੈਨ ਮਾਰਕੀਟ ਕਮੇਟੀ ਅਸ਼ੋਕ ਕੁਮਾਰ, ਸੀਨੀਅਰ ਕਾਂਗਰਸੀ ਆਗੂ ਮਹੰਤ ਗੁਰਮੀਤ ਸਿੰਘ ਤੇ ਪ੍ਰਗਟ ਸਿੰਘ ਠੀਕਰੀਵਾਲਾ, ਮੈਂਬਰ ਜ਼ਿਲਾ ਪ੍ਰੀਸ਼ਦ ਅਮਰਜੀਤ ਸਿੰਘ ਮਹਿਲ ਕਲਾਂ, ਡਾ. ਬਲਵੰਤ ਹਮੀਦੀ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।