-ਦੋਸ਼ੀਆਂ ਖ਼ਿਲਾਫ਼ ਯੋਗ ਕਾਰਵਾਈ ਲਈ ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ
ਬਰਨਾਲਾ, 04 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਹਰ ਰੋਜ਼ ਰੇਲਵੇ ਸਟੇਸ਼ਨ ‘ਤੇ ਲੱਗਿਆ ਪੱਕਾ ਧਰਨਾ ,ਲਖਮੀਰਪੁਰ ਖੀਰੀ ਦੇ ਕਤਲੇਆਮ ਵਿਰੁੱਧ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਲਾਇਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰਾਂ ਬੁਖ਼ਲਾ ਗਈ ਹੈ। ਇਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ ਨਹੀਂ ਲੱਭ ਰਿਹਾ। ਕਿਸਾਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਇਸ ਕੋਲ ਕੋਈ ਜਵਾਬ ਨਹੀਂ। 11 ਗੇੜ ਦੀ ਚੱਲੀ ਗੱਲਬਾਤ ਦੌਰਾਨ ਕਿਸਾਨ ਆਗੂ ਸਰਕਾਰ ਨੂੰ ਇਖਲਾਕੀ ਤੌਰ ‘ਤੇ ਹਰਾ ਚੁੱਕੇ ਹਨ। ਕਿਸਾਨ ਅੰਦੋਲਨ ਦੀ ਵਧ ਰਹੀ ਤਾਕਤ ਅੱਗੇ ਬੇਵੱਸ ਸਰਕਾਰ ਹੁਣ ਨੰਗੀ ਚਿੱਟੀ ਗੁੰਡਾਗਰਦੀ ‘ਤੇ ਉਤਰ ਆਈ ਹੈ। ਧਰਨੇ ਦੌਰਾਨ ਜੋਸ਼ੀਲੇ ਨਾਹਰੇ ਲਾ ਕੇ ਕਿਸਾਨਾਂ ਨੇ ਲਖਮੀਰਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰਨ, ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟਰ ਵੱਲੋਂ ਆਮ ਲੋਕਾਂ ਨੂੰ ਕਿਸਾਨਾਂ ਖ਼ਿਲਾਫ਼ ਭੜਕਾਉਣ ਦੀ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਚਮਕੌਰ ਸਿੰਘ ਨੈਣੇਵਾਲ, ਹਰਦੀਪ ਸਿੰਘ ਟੱਲੇਵਾਲ,ਜਗਸੀਰ ਸਿੰਘ ਛੀਨੀਵਾਲ, ਪਵਿੱਤਰ ਸਿੰਘ ਲਾਲੀ, ਵਿੰਦਰਪਾਲ ਕੌਰ ਭਦੌੜ,ਪ੍ਰੇਮਪਾਲ ਕੌਰ ਆਦਿ ਨੇ ਵੀ ਸੰਬੋਧਨ ਕੀਤਾ।