ਚੰਡੀਗੜ੍ਹ,10 ਜਨਵਰੀ, Gee98 news service
-ਕੈਨੇਡਾ ਸਰਕਾਰ ਵੱਲੋਂ ਸਟੱਡੀ ਪਰਮਿਟਾਂ, ਵਰਕ ਪਰਮਿਟਾਂ ਅਤੇ ਪੀਆਰ ਸਬੰਧੀ ਨਵੀਆਂ ਨੀਤੀਆਂ ਲਾਗੂ ਕਰਨ ਤੋਂ ਬਾਅਦ ਉੱਥੇ ਪੁੱਜੇ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਨਵੀਂ ਜ਼ਿੰਦਗੀ ਦੀ ਆਸ ਨਾਲ ਕੈਨੇਡਾ ਪਹੁੰਚੇ ਵਿਦਿਆਰਥੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਗਏ ਹਨ। ਲੱਗਭੱਗ ਪੰਜ ਲੱਖ ਪੰਜਾਬੀ ਨੌਜਵਾਨ ਬੁਰੀ ਤਰ੍ਹਾਂ ਫਸੇ ਹੋਏ ਹਨ। ਟਰੂਡੋ ਸਰਕਾਰ ਨੇ ਸਟੱਡੀ ਪਰਮਿਟਾਂ ਅਤੇ ਸਥਾਈ ਰਿਹਾਇਸ਼ੀ ਨਾਮਜ਼ਦਗੀਆਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਅਤੇ LMIA ਸਮੇਤ ਕਈ ਨਿਯਮਾਂ ਨੂੰ ਬਦਲਿਆ, ਜਿਸਦਾ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਵੱਡਾ ਪ੍ਰਭਾਵ ਪਿਆ। ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਪੰਜ ਲੱਖ ਦੇ ਕਰੀਬ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ ਹੈ। ਇਹਨਾਂ ਲੋਕਾਂ ਨੂੰ ਜਾਂ ਤਾਂ ਕੈਨੇਡਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣਾ ਪਵੇਗਾ ਜਾਂ ਫਿਰ ਆਪਣੇ ਦੇਸ਼ ਵਾਪਸ ਪਰਤਣਾ ਪਵੇਗਾ। ਕੈਨੇਡਾ ਸਰਕਾਰ ਵੱਲੋਂ 4 ਨਵੰਬਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ 30 ਸਤੰਬਰ, 2024 ਤੱਕ ਬੈਕਲਾਗ ਵਿੱਚ 1,097,000 ਅਰਜ਼ੀਆਂ ਸਨ। ਜਿਸ ਵਿੱਚ 40 ਫੀਸਦੀ ਦੇ ਕਰੀਬ ਪੰਜਾਬੀ ਮੂਲ ਦੇ ਹਨ। ਇਹ ਫਾਈਲਾਂ ਕਲੀਅਰ ਨਹੀਂ ਕੀਤੀਆਂ ਜਾ ਰਹੀਆਂ ਹਨ। ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਵੀਜ਼ੇ ਦੀ ਮਿਆਦ ਖਤਮ ਹੋਣ ਵਾਲੀ ਹੈ ਅਤੇ ਦੂਜੇ ਪਾਸੇ ਸਰਕਾਰ PR ਫਾਈਲ ਨੂੰ ਕਲੀਅਰ ਨਹੀਂ ਕਰ ਰਹੀ ਹੈ। ਕੁਝ ਨੌਜਵਾਨਾਂ ਨੇ ਕੈਨੇਡਾ ਤੋਂ ਅਮਰੀਕਾ ਜਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਸਾਲ ਵਿੱਚ 46 ਹਜ਼ਾਰ ਤੋਂ ਵੱਧ ਨੌਜਵਾਨ ਕੈਨੇਡਾ ਤੋਂ ਅਮਰੀਕਾ ਜਾਂਦੇ ਹੋਏ ਫੜੇ ਗਏ ਹਨ, ਜੋ ਚਿੰਤਾਜਨਕ ਹੈ। ਮੌਜੂਦਾ ਸਥਿਤੀ ਦੇ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਆਉਣ ਵਾਲੇ ਦਿਨ ਪੰਜਾਬੀ ਮੂਲ ਦੇ ਨੌਜਵਾਨਾਂ ਲਈ ਬਹੁਤ ਹੀ ਮੁਸੀਬਤ ਭਰੇ ਹੋਣ ਵਾਲੇ ਹਨ। ਇਸ ਦੌਰਾਨ ਹੋਰ ਵੀ ਚਿੰਤਾਜਨਕ ਅੰਕੜੇ ਸਾਹਮਣੇ ਆ ਰਹੇ ਹਨ ਕਿ 2025 ਵਿੱਚ 50 ਲੱਖ ਪਰਮਿਟਾਂ ਦੀ ਮਿਆਦ ਖਤਮ ਹੋਣ ਜਾ ਰਹੀ ਹੈ। ਇਨ੍ਹਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਦੇ ਹਨ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਪੰਜਾਬੀ ਮੂਲ ਦੇ ਹਨ। ਟਰੂਡੋ ਸਰਕਾਰ ਦੀਆਂ ਨੀਤੀਆਂ ਨੇ ਕੈਨੇਡਾ ‘ਚ ਵਿਦਿਆਰਥੀਆਂ ਨੂੰ ਵਿੱਚ ਵਿਚਾਲੇ ਲਟਕਾ ਦਿੱਤਾ ਹੈ। ਹੁਣ ਇਹਨਾਂ ਵਿਦਿਆਰਥੀਆਂ ਦੀਆਂ ਨਜ਼ਰਾਂ ਕੈਨੇਡਾ ‘ਚ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ‘ਤੇ ਲੱਗੀਆਂ ਹੋਈਆਂ ਹਨ।