ਚੰਡੀਗੜ੍ਹ,10 ਜਨਵਰੀ, Gee98 news service
-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਤਾਕਤਵਰ ਕੈਬਨਿਟ ਮੰਤਰੀ ਦੇ ਆਲੇ ਦੁਆਲੇ ਈਡੀ ਦਾ ਸਿਕੰਜਾ ਕਸਦਾ ਜਾ ਰਿਹਾ ਹੈ। ਸੂਬੇ ‘ਚ ਹੋਏ 100 ਕਰੋੜ ਦੇ ਸਾਈਬਰ ਕ੍ਰਾਈਮ ਘੁਟਾਲੇ ਨਾਲ ਸਬੰਧਤ ਜਾਂਚ ਨੂੰ ਈਡੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਈਡੀ ਦੇ ਐਡੀਸ਼ਨਲ ਡਾਇਰੈਕਟਰ ਸ੍ਰੀ ਕਰਨ ਸ਼ਰਮਾ ਨੇ ਇਸ 100 ਕਰੋੜੀ ਸਾਈਬਰ ਕ੍ਰਾਈਮ ਦੇ ਘਪਲੇ ਨਾਲ ਸੰਬੰਧਿਤ ਸਾਰਾ ਰਿਕਾਰਡ ਪੇਸ਼ ਕਰਨ ਲਈ ਇੰਸਪੈਕਟਰ ਅਮਨਜੋਤ ਕੌਰ ਸੰਧੂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵੱਡੇ ਘਪਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਦਾ ਨਾਮ ਵੀ ਗੂੰਜਿਆ ਸੀ। ਇਸ ਘਪਲੇ ਦੀ ਜਾਂਚ ਪੰਜਾਬ ਪੁਲਿਸ ਦੇ ਮੁਖੀ ਨੇ ਇੱਕ ਸਿੱਟ ਦੇ ਹਵਾਲੇ ਕੀਤੀ ਸੀ ਜਿਸ ਵਿੱਚੋਂ ਹੁਣ ਤੱਕ ਕੁਝ ਵੀ ਨਹੀਂ ਨਿਕਲਿਆ ਪ੍ਰੰਤੂ ਹੁਣ ਇਸ ਬਹੁ ਕਰੋੜੀ ਸਾਈਬਰ ਕ੍ਰਾਈਮ ਘਪਲੇ ਦੀ ਜਾਂਚ ਨੂੰ ਈਡੀ ਨੇ ਆਪਣੇ ਹੱਥਾਂ ਵਿੱਚ ਲਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਈਡੀ ਵੱਲੋਂ ਜਾਰੀ ਨੋਟਿਸ ਦੀ ਕਾਪੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਦੀ ਤਰ੍ਹਾਂ ਇਸ ਘਪਲੇ ਸਬੰਧੀ ਹਰਜੋਤ ਸਿੰਘ ਬੈਂਸ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਬਿਕਰਮ ਮਜੀਠੀਆ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਇਸ ਬਹੁਤ ਕਰੋੜੀ ਘਪਲੇ ਦੇ ਨਾਲ ਮੰਤਰੀ, ਮੁੱਖ ਮੰਤਰੀ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦੇ ਤਾਰ ਵੀ ਜੁੜਦੇ ਹਨ। ਬਹਰਹਾਲ ! ਇਸ ਬਹ ਕਰੋੜੀ ਘਪਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ ਈਡੀ ਵੱਲੋਂ ਅਗਲਾ ਨੋਟਿਸ ਕਿਸ ਨੂੰ ਜਾਰੀ ਕੀਤਾ ਜਾਂਦਾ ਹੈ, ਇਸ ਵੱਲ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।